ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਐਸ ਏ ਐਸ ਨਗਰ ਨੇ ਆਰਮੀਨੀਆ ਗੈਂਗਸਟਰ ਲੱਕੀ ਪਟਿਆਲ ਦੇ ਦੋ ਸਾਥੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਬੰਬੀਹਾ ਗੈਂਗ ਨੂੰ ਚਲਾਉਣ ਵਾਲੇ ਲੱਕੀ ਪਟਿਆਲ ਦੇ ਦੋ ਸਾਥੀਆਂ ਕੁਲਦੀਪ ਸਿੰਘ ਕਿੰਗਰਾ ਵਾਸੀ ਮੰਡੀ ਡੱਬਵਾਲੀ, ਸਿਰਸਾ ਹਰਿਆਣਾ ਅਤੇ ਹਰਿੰਦਰ ਸਿੰਘ ਕੋਟਕਪੂਰਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਏਆਈਜੀ,SSOC ਅਸ਼ਵਨੀ ਕਪੂਰ ਨੇ ਦੱਸਿਆ ਹੈ ਕਿ ਦੋਨਾਂ ਖਿਲਾਫ ਅਸਲ ਐਕਟ ਅਤੇ ਜਬਰੀ ਵਸੂਲੀ ਦੀਆਂ ਧਾਰਾਵਾਂ ਤਹਿਤ ਥਾਣਾ ਐਸ ਏ ਐਸ ਨਗਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਜਾਣਕਾਰੀ ਅਨੁਸਾਰ ਪੁਲਿਸ ਨੇ ਐਤਵਾਰ ਨੂੰ ਛਾਪਾ ਮਾਰ ਕੇ ਕੁਲਦੀਪ ਸਿੰਘ ਕਿੰਗਰਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕਿੰਗਰਾ ਬੰਬੀਹਾ ਗਰੋਹ ਦੇ ਅਪਰਾਧੀਆਂ ਅਤੇ ਸਾਥੀਆਂ ਨੂੰ ਸਿਰਸਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਨਾਹ ਦੇ ਕੇ ਮਦਦ ਕਰ ਰਿਹਾ ਸੀ। ਪੁਲਿਸ ਦੀ ਟੀਮ ਨੇ ਪੁੱਛਗਿੱਛ ਦੌਰਾਨ ਮਿਲੇ ਸੁਰਾਗ ਦੇ ਆਧਾਰ ‘ਤੇ ਉਸ ਦੇ ਸਾਥੀ ਹਰਿੰਦਰ ਸਿੰਘ ਦੇ ਕਬਜ਼ੇ ‘ਚੋਂ ਇਕ ਦੇਸੀ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕਰਕੇ ਕਿੰਗਰਾ ਨੂੰ ਗ੍ਰਿਫਤਾਰ ਕਰ ਲਿਆ।
ਮੁੱਢਲੀ ਪੁੱਛਗਿੱਛ ਵਿਚ ਫੜੇ ਗਏ ਦੋਵਾਂ ਮੁਲਜ਼ਮਾਂ ਤੋਂ ਪਤਾ ਲੱਗਾ ਹੈ ਕਿ ਕੁਲਦੀਪ ਕਿੰਗਰਾ ਅਤੇ ਹਰਿੰਦਰ ਸਿੰਘ ਇਸ ਸਮੇਂ ਮੋਗਾ ਨਿਵਾਸੀ ਜੈਕਪਾਲ ਸਿੰਘ ਉਰਫ ਲਾਲੀ ਦੇ ਇਸ਼ਾਰੇ ‘ਤੇ ਕੰਮ ਕਰਦੇ ਸਨ। ਜੈਕਪਾਲ ਲਾਲੀ ਗੈਂਗਸਟਰ ਲੱਕੀ ਪਟਿਆਲ ਦਾ ਪੁਰਾਣਾ ਸਾਥੀ ਹੈ। ਮੁਲਜ਼ਮ ਹਰਿੰਦਰ ਸਿੰਘ ਵਿਦੇਸ਼ੀਆਂ ਦੀਆਂ ਹਦਾਇਤਾਂ ’ਤੇ ਪੰਜਾਬ ਦੇ ਕੁਝ ਕਾਰੋਬਾਰੀਆਂ ਅਤੇ ਹੋਰ ਨਾਮਵਰ ਵਿਅਕਤੀਆਂ ਨੂੰ ਧਮਕੀਆਂ ਦੇ ਕੇ ਪੈਸੇ ਵਸੂਲਣ ਵਿੱਚ ਸ਼ਾਮਲ ਸੀ।