ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਦਿਨ ਇੱਕ ਵੀਡੀਓ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਵਿਸਾਖੀ ਤੇ ਸਰਬੱਤ ਖਾਲਸਾ ਸੱਦਣ ਤਾਂ ਸਿੱਖ ਕੌਮ ਨੂੰ ਇਕੱਠਾ ਕੀਤਾ ਜਾ ਸਕੇ। ਵੀਡੀਓ ਆਉਂਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਡੀਓ ਕਿਥੋਂ ਅੱਪਲੋਡ ਕੀਤੀ ਗਈ ਹੈ। ਉਸ ਦੀ ਜਾਂਚ ਖੋਲ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਵੀਡੀਓ 2 ਜਾਂ 3 ਦਿਨ ਪਹਿਲਾਂ ਉਤਰਾਖੰਡ ਜਾਂ ਯੂਪੀ ਦੇ ਕਿਸੇ ਸਥਾਨ ਤੋਂ ਬਣਾਈ ਹੋ ਸਕਦੀ ਹੈ। ਜਿਸ ਨੂੰ ਲੈ ਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵੀਡੀਓ ਦੇ ਤਿੰਨ ਆਈਪੀ ਅਡਰੈਸਾਂ ਦੀ ਪਛਾਣ ਹੋ ਗਈ ਹੈ। ਵੀਡੀਓ ਦੇ ਆਈਪੀ ਅਡਰੈਸ ਇੰਗਲੈਂਡ, ਦੁਬਈ ਅਤੇ ਕੈਨੇਡਾ ਦੇ ਦੱਸੇ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਨੇ ਜਾਰੀ ਕੀਤੀ ਵੀਡੀਓ ਵਿੱਚ ਸਰਕਾਰ ਦੀ ਮੰਸ਼ਾ ਤੇ ਸਵਾਲ ਖੜ੍ਹੇ ਕੀਤੇ ਹਨ। ਅੰਮ੍ਰਿਤਪਾਲ ਸਿੰਘ ਨੇ ਆਖਿਆ ਸੀ ਜੇ ਸਰਕਾਰ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਤਾਂ ਘਰੋਂ ਵੀ ਕਰ ਸਕਦੀ ਸੀ। ਸਰਕਾਰ ਨੇ ਜੋ ਰਵੱਈਆਂ ਅਪਣਾਇਆ, ਉਨ੍ਹਾਂ ਨੇ ਲੱਖਾਂ ਦੀ ਫੋਰਸ ਲਗਾ ਕੇ ਘੇਰਾ ਪਾ ਲਿਆ ਅਤੇ ਘੇਰਾ ਪਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।
ਉਸ ਘੇਰੇ ਵਿੱਚੋਂ ਸੱਚੇ ਪਤਾਸ਼ਾਹ ਨੇ ਸਾਨੂੰ ਬਾਹਰ ਕੱਢਿਆ। ਸਾਨੂੰ ਉਸ ਸਮੇਂ ਤੱਕ ਲੱਗਦਾ ਸੀ ਕਿ ਸਰਕਾਰ ਸਾਨੂੰ ਮਾਲਵੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੋ ਅਸੀਂ ਵਹੀਰ ਨਾ ਸ਼ੁਰੂ ਕਰ ਸਕੀਏ। ਸਾਨੂੰ ਲੱਗਾ ਕਿ ਸਾਨੂੰ ਮਾਲਵੇ ਵਿੱਚ ਜਾਣਾ ਚਾਹੀਦਾ ਹੈ ਅਤੇ ਉਥੇ ਜਾ ਕੇ ਅੰਮ੍ਰਿਤ ਵਹੀਰ ਸ਼ੁਰੂ ਕਰਨੀ ਚਾਹੀਦੀ ਹੈ।
ਇਸ ਲਈ ਸਾਨੂੰ ਉਥੇ ਪਹੁੰਚਣ ਲਈ ਕਿਸੇ ਵੀ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ। ਫਿਰ ਜਦੋਂ ਇੰਟਰਨੈੱਟ ਬੰਦ ਹੋ ਗਿਆ, ਸਾਡਾ ਕਿਸੇ ਨਾਲ ਕੋਈ ਸੰਪਰਕ ਨਾ ਰਿਹਾ।
ਅੰਮ੍ਰਿਤਪਾਲ ਨੇ ਕਿਹਾ ਕਿ ਇਹ ਮਸਲਾ ਸਿਰਫ ਮੇਰੀ ਗ੍ਰਿਫ਼ਤਾਰੀ ਦਾ ਨਹੀਂ ਹੈ, ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਨੂੰ ਇਹ ਮਸਲਾ ਵਿਚਾਰਨਾ ਚਾਹੀਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਕਰਨਾ ਚਾਹੀਦਾ ਹੈ। ਸਿੱਖ ਕੌਮ ਦੇ ਇਸ ਵੱਡੇ ਮਸਲੇ ਉਤੇ ਜਥੇਦਾਰ ਸਾਹਿਬ ਆਪ ਅੱਗੇ ਆ ਕੇ ਅਗਵਾਈ ਕਰਨੀ ਚਾਹੀਦੀ ਹੈ, ਪਿੰਡਾਂ ਵਿਚ ਵਹੀਰਾਂ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ।