ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਉਸ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਲੋਕ ਸਭਾ ਸੀਟ ਲਈ ਉਤਾਰਨੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਪਾਰਟੀ ਨੇ ਪਹਿਲਾਂ ਹੀ ਆਪਣਾ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਐਲਾਨ ਚੁੱਕੀ ਹੈ। ਪਰ ਸਤਾਧਾਰੀ ਪਾਰਟੀ ਨੇ ਬੀਤੇ ਦਿਨ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਆਮ ਆਦਮੀ ਪਾਰਟੀ ਸਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਜਾਂ ਦੂਜੀਆਂ ਪਾਰਟੀਆਂ ਵਿੱਚੋਂ ਆਉਂਣ ਵਾਲੇ ਲੋਕਾਂ ਨੂੰ ਕਚਰਾ ਆਖਦੀ ਸੀ। ਹਮੇਸ਼ਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸਟੇਜਾਂ ਤੇ ਇਹ ਕਹਿੰਦੇ ਸੀ ਕਿ ਦੂਜੀਆਂ ਪਾਰਟੀਆਂ ਤੋਂ ਆਏ ਕਚਰੇ ਨੂੰ ਉਹ ਕਦੇ ਸਵੀਕਾਰ ਨਹੀਂ ਕਰਨਗੇ। ਪਰ ਹੁਣ ਆਮ ਆਦਮੀ ਪਾਰਟੀ ਨੇ ਕਾਂਗਰਸ ਛੱਡ ਕੇ ਆਏ ਵਿਅਕਤੀ ਨੂੰ ਜਲੰਧਰ ਤੋਂ ਲੋਕ ਸਭਾ ਲਈ ਆਪਣਾ ਉਮੀਦਵਾਰ ਬਣਾ ਦਿੱਤਾ ਹੈ। ਜਿਸ ਨੂੰ ਲੈਕੇ ਬੁੱਧੀਜੀਵੀਆਂ ਵੱਲੋਂ ਚਰਚਾ ਇਹ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਆਪਣੇ ਸਟੈਂਡ ਤੋਂ ਪਾਸੇ ਜਾ ਰਹੀ ਹੈ।