ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਪੋਸਟਰ ਪਾੜਨ ਵਾਲੇ ਕੁੱਤੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਇੱਕ ਕੁੱਤੇ ਨੇ ਘਰ ਦੀ ਦੀਵਾਰ ’ਤੇ ਲੱਗੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਦੇ ਇੱਕ ਪੋਸਟਰ ਨੂੰ ਕੁੱਤੇ ਨੇ ਪਾੜ ਦਿੱਤਾ ਸੀ । ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ । ਜਿਸ ਤੋਂ ਬਾਅਦ ਔਰਤਾਂ ਦੇ ਇੱਕ ਸਮੂਹ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਤੇਲਗੂ ਦੇਸ਼ਮ ਪਾਰਟੀ ਦੀ ਵਰਕਰ ਦੱਸੀ ਜਾਣ ਵਾਲੀ ਦਸਾਰੀ ੳਦਯਸ਼੍ਰੀ ਨੇ ਵਿਅੰਗਾਤਮਕ ਤਰੀਕੇ ਨਾਲ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਨਾਲ ਕੁਝ ਹੋਰ ਔਰਤਾਂ ਦੇ ਨਾਲ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਦੀ ਬੇਇੱਜਤੀ ਕਰਨ ਵਾਲੇ ਇਸ ਕੁੱਤੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਇਨ੍ਹਾਂ ਔਰਤਾਂ ਨੇ ਸਥਾਨਕ ਨਿਊਜ਼ ਚੈਨਲਾਂ ਨੂੰ ਕਿਹਾ ਕਿ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਦੇ ਲਈ ਉਨ੍ਹਾਂ ਦੇ ਮਨ ਵਿੱਚ ਬਹੁਤ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨੇਤਾ ਦੀ ਬੇਇੱਜਤੀ ਕਰਨ ਵਾਲੇ ਕੁੱਤੇ ਨੇ ਸੂਬੇ ਦੇ 6 ਕਰੋੜ ਲੋਕਾਂ ਨੂੰ ਸੱਟ ਪਹੁੰਚਾਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਤੋਂ ਕੁੱਤੇ ਨੂੰ ਗ੍ਰਿਫਤਾਰ ਕਰਨ ਦੀ ਬੇਨਤੀ ਕੀਤੀ ਗਈ ਹੈ,ਜਿਸ ਨੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਦੀ ਬੇਇੱਜਤੀ ਕੀਤੀ ਹੈ। ਪੁਲਿਸ ਨੇ ਦੋਸ਼ੀ ਕੁੱਤੇ ਨੂੰ ਜਲਦ ਫੜਨ ਦਾ ਦਾਅਵਾ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਕੁੱਤੇ ਵੱਲੋਂ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈਡੀ ਦੀ ਫੋਟੋ ਨੂੰ ਪਾੜਨ ਦੀ ਵੀਡੀਓ ਵਾਇਰਲ ਹੋਇਆ ਸੀ। ਸੱਤਾ ’ਤੇ ਕਾਬਜ ਵਾਈਐਸਆਰ ਕਾਂਗਰਸ ਪਾਰਟੀ ਵੱਲੋਂ ਜਗਨਨਾਥ ਮਾਂ ਭਵਿਸ਼ਯਥੂ (ਜਗਨ ਅਨਾ ਸਾਡਾ ਭਵਿੱਖ) ਦੇ ਨਾਅਰੇ ਵਾਲਾ ਸਟਿੱਕਰ ਇੱਕ ਘਰ ’ਤੇ ਲਗਾਇਆ ਗਿਆ ਸੀ। ਕਈ ਟੀਡੀਪੀ ਸਮਰਥਕਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਜ਼ਰੀਏ ਵੀਡੀਓ ਅਪਲੋਡ ਕੀਤਾ ਹੈ।