ਪੰਜਾਬ ਦੇ ਬਠਿੰਡਾ ਵਿੱਚ ਪਿਛਲੇ ਦਿਨੀਂ ਮਿਲਟਰੀ ਸਟੇਸ਼ਨ ਉਤੇ ਅਣਪਛਾਤੇ ਵਿਅਕਤੀਆਂ ਗੋਲੀਆਂ ਮਾਰਕੇ 4 ਫੌਜੀ ਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਕੇਸ ਦੀ ਜਾਂਚ ਕੀਤੀ ਤਾਂ ਚਸ਼ਮਦੀਦ ਗਵਾਹ ਗਨਰ ਦਿਸਾਈ ਮੋਹਨ ਨੇ ਚਾਰ ਜਵਾਨਾਂ ਨੂੰ ਮਾਰਨ ਦਾ ਕਬੂਲ ਕਰ ਲਿਆ ਹੈ।ਇਸ ਸਬੰਧੀ ਬਠਿੰਡਾ ਦੇ ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਹੈ ਕਿ ਸਾਡੀ ਟੀਮ ਨੇ ਮੁਢਲੀ ਤਫਤੀਸ਼ ਵਿੱਚ ਚਸ਼ਮਦੀਦ ਗਵਾਹ ਗਨਰ ਦਿਸਾਈ ਮੋਹਨ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਹੈ ਕਿ ਉਸ ਨੇ ਨਿਜੀ ਕਾਰਨਾਂ ਕਰਕੇ ਪਹਿਲਾਂ ਰਾਈਫ਼ਲ ਚੋਰੀ ਕੀਤੀ ਤੇ ਉਸ ਤੋਂ ਬਾਅਦ ਉਸੇ ਰਾਈਫ਼ਲ ਨਾਲ 4 ਜਵਾਨਾਂ ਨੂੰ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਸੀ
ਦੇਸਾਈ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਐਸਐਸਪੀ ਬਠਿੰਡਾ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਘਟਨਾ ਦੇ ਚਸ਼ਮਦੀਦ ਗਵਾਹ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਰ ਰਾਤ ਤੱਕ ਸੀਆਈਏ ਵਿੱਚ ਬੰਦ ਦੇਸਾਈ ਮੋਹਨ ਤੋਂ ਬਠਿੰਡਾ ਪੁਲਿਸ ਨੇ ਪੁੱਛਗਿੱਛ ਕੀਤੀ। ਪੁਲਿਸ ਮੁਤਾਬਕ ਦੇਸਾਈ ਮੋਹਨ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਚਾਰ ਜਵਾਨ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਨੇ ਚਾਰਾਂ ਦੀ ਹੱਤਿਆ ਕਰ ਦਿੱਤੀ।
ਦੱਸ ਦਈਏ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ ਉਤੇ ਬੁੱਧਵਾਰ ਤੜਕੇ ਚਾਰ ਫੌਜੀ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਸਮੇਂ ਇਹ ਸਾਰੇ ਜਵਾਨ ਸਟੇਸ਼ਨ ‘ਤੇ ਆਪਣੀ ਬੈਰਕ ‘ਚ ਸੌਂ ਰਹੇ ਸਨ। ਇਨ੍ਹਾਂ ਸਾਰਿਆਂ ਦੀ ਉਮਰ 24 ਤੋਂ 25 ਸਾਲ ਦਰਮਿਆਨ ਸੀ।
ਪੁਲਿਸ ਨੇ ਮੌਕੇ ਤੋਂ ਹਥਿਆਰ ਅਤੇ ਇੰਸਾਸ ਰਾਈਫਲ ਦੇ 19 ਖਾਲੀ ਖੋਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇਸ ਘਟਨਾ ਦੇ ‘ਚਸ਼ਮਦੀਦ ਗਵਾਹ’ ਦੇਸਾਈ ਨੇ ਦੱਸਿਆ ਸੀ ਕਿ ਉਸ ਨੂੰ ਹਮਲਾਵਰ ਇੰਸਾਸ ਰਾਈਫਲ ਅਤੇ ਕੁਹਾੜੀ ਨਾਲ ਦਿਖਾਈ ਦਿੱਤੇ ਸਨ।
ਅਜਿਹੇ ‘ਚ ਬਠਿੰਡਾ ਛਾਉਣੀ ਥਾਣੇ ‘ਚ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ-302 (ਕਤਲ) ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਤੌਰ ‘ਤੇ ਪੁਲਿਸ ਨੇ ਇਹ ਘਟਨਾ ‘ਆਪਸੀ ਗੋਲੀਬਾਰੀ’ ਦੀ ਜਾਪਦੀ ਸੀ। ਹੁਣ ਪੁਲਿਸ ਵੱਲੋਂ ਇਹ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।