ਪੰਜਾਬ ਦੇ ਫਾਜ਼ਿਲਕਾ ਅੰਦਰ ਆਉਂਦੇ ਹਲਕਾ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਬਲੈਕਮੇਲ ਕਰਨ ਦੇ ਕੇਸ ਵਿੱਚ ਪੁਲਿਸ ਨੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਤੋਂ ਵਿਧਾਇਕ ਜਗਦੀਪ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ ਸਮੇਤ ਚਾਰ ਲੋਕਾਂ ਖਿਲਾਫ ਪੁਲਿਸ ਨੇ ਰਿਸ਼ਵਤ ਮੰਗਣ ਅਤੇ ਬਲੈਕਮੇਲ ਕਰਨ ਤੇ ਧਮਕੀਆਂ ਦੇਣ ਨੂੰ ਲੈਕੇ ਆਈਪੀਸੀ ਦੀ ਧਾਰਾ 384,389,34 ਤਹਿਤ ਕੇਸ ਦਰਜ ਕਰਕੇ ਸੁਰਿੰਦਰ ਕੰਬੋਜ ਨੂੰ ਗ੍ਰਿਫਤਾਰ ਕਰ ਲਿਆ ਹੈ।ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਰਾਨੂੰ ਬਾਈ ਉਸ ਕੋਲ ਮਕਾਨ ਦਿਖਾਉਣ ਲਈ ਆਈ ਸੀ ਅਤੇ ਉਹ ਉਸ ਨੂੰ ਘਰ ਦਿਖਾਉਣ ਲਈ ਇੱਕ ਥਾਂ ’ਤੇ ਲੈ ਗਿਆ ਸੀ। ਉਸੇ ਦਿਨ ਸ਼ਾਮ ਨੂੰ ਉਸ ਨੂੰ ਰਾਣੂ ਬਾਈ ਦਾ ਫੋਨ ਆਇਆ ਕਿ ਮੇਰੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਸਾਡੇ ਦੋਵਾਂ ਦਾ ਅਫੇਅਰ ਚੱਲ ਰਿਹਾ ਹੈ, ਇਸ ਤੋਂ ਬਾਅਦ ਮੈਨੂੰ ਉਨ੍ਹਾਂ ਦੇ ਘਰੋਂ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿਚ ਫਸਾਉਣ ਦੀ ਧਮਕੀ ਦਿੱਤੀ ਗਈ।ਇਸ ਤੋਂ ਬਾਅਦ ਉਸ ਨੂੰ ਸੁਰਿੰਦਰ ਕੰਬੋਜ ਦਾ ਫੋਨ ਵੀ ਆਇਆ ਕਿ ਇੱਥੇ ਆ ਕੇ ਸਮਝੌਤਾ ਕਰ ਲਓ ਤੇ ਦਸ ਲੱਖ ਰੁਪਏ ਦੀ ਵੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਸੁਨੀਲ ਕੁਮਾਰ ਵੱਲੋਂ ਇਹ FIR ਦਰਜ ਕਰਵਾਈ ਗਈ ਹੈ। ਸੁਰਿੰਦਰ ਕੰਬੋਜ, ਰਾਣੋ ਰਾਏ, ਸੁਨੀਲ ਰਾਏ ਤੇ ਸੁਨੀਲ ਰਾਏ ਦੀ ਪਤਨੀ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿਚ ਸੁਨੀਲ ਕੁਮਾਰ ਨੇ ਦੱਸਿਆ ਕਿ ਮੇਰੀ ਉਮਰ 42 ਸਾਲ ਹੈ। ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। 20 ਤਰੀਕ ਨੂੰ 3.30 ਵਜੇ ਰਾਣੋ ਬਾਈ ਨਾਂ ਦੀ ਔਰਤ ਦਾ ਫੋਨ ਆਉਂਦਾ ਹੈ ਕਿ ਮੇਰਾ ਮਕਾਨ ਵਿਕ ਗਿਆ ਹੈ ਤੇ ਮੈਂ ਨਵਾਂ ਘਰ ਲੈਣਾ ਚਾਹੁੰਦੀ ਹਾਂ। ਇਸ ਲਈ ਮੈਂ ਉਸ ਨੂੰ ਘਰ ਦਿਖਾਉਣ ਵਾਲੇ ਇਕ ਥਾਂ ‘ਤੇ ਲੈ ਗਿਆ ਸੀ।
ਕੀ ਕਹਿਣਾ ਹੈ ਵਿਧਾਇਕ ਗੋਲਡੀ ਕੰਬੋਜ ਦਾ
ਇਸ ਸਬੰਧੀ ‘ਆਪ’ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜੇਕਰ ਮੇਰੇ ਪਿਤਾ ਨੇ ਠੱਗੀ ਮਾਰੀ ਹੈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਠੱਗੀ ਮਾਰਨ ਦਾ ਹੱਕ ਕਿਸੇ ਨੂੰ ਨਹੀਂ ਹੈ। ਵਿਧਾਇਕ ਗੋਲਡੀ ਕੰਬੋਜ ਦੇ ਆਪਣੇ ਹੀ ਪਿਤਾ ਖਿਲਾਫ ਬਗਾਵਤੀ ਸੁਰ ਦੇਖਣ ਨੂੰ ਮਿਲੇ। ਜਲਾਲਾਬਾਦ ਦੇ ਰਹਿਣ ਵਾਲੇ ਇਕ ਸ਼ਖਸ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਜਿਸ ਵਿਚ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਦਾ ਨਾਂ ਵੀ ਸ਼ਾਮਲ ਹੈ।