ਅੰਮ੍ਰਿਤਸਰ ਏਅਰਪੋਰਟ ਤੇ ਬੀਤੀ 20 ਤਰੀਕ ਨੂੰ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਯੂਕੇ ਜਾਣ ਤੋਂ ਰੋਕ ਦਿੱਤਾ ਸੀ ਤੇ ਏਅਰਪੋਰਟ ਦੇ ਅੰਦਰ ਲੰਬੀ ਪੁਛਗਿੱਛ ਕੀਤੀ ਸੀ। ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ। ਧਾਮੀ ਨੇ ਆਖਿਆ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨੌਜੁਆਨੀ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਤੇ ਸਰੋਕਾਰ ਧੀਆਂ ਭੈਣਾਂ ਦੀ ਰਾਖੀ ਅਤੇ ਸਤਿਕਾ ਕਰਨ ਵਾਲੇ ਹਨ, ਪਰੰਤੂ ਮੌਜੂਦਾ ਸਰਕਾਰ ਵੱਲੋਂ ਇਸ ਤਰ੍ਹਾਂ ਬੱਚੀਆਂ ਨੂੰ ਰੋਕਣਾ ਤੇ ਸ਼ੱਕ ਦੀ ਨਿਗ੍ਹਾ ਨਾਲ ਵੇਖਣਾ ਠੀਕ ਨਹੀਂ। ਸਰਕਾਰ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਜਿਨ੍ਹਾਂ ਨਾਲ ਪੰਜਾਬ ਦੀਆਂ ਮਾਨਤਾਵਾਂ ਦਾ ਨਿਰਾਦਰ ਹੋਵੇ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਨੂੰ ਮਿਲਣਾ ਤੇ ਕਿਤੇ ਵੀ ਜਾਣਾ ਹਰ ਨਾਗਰਿਕ ਦਾ ਅਧਿਕਾਰ ਹੈ। ਬਿਨਾਂ ਕਿਸੇ ਦੋਸ਼ ਦੇ ਕਿਸੇ ਨੂੰ ਰੋਕ ਲੈਣਾ ਮਨੁੱਖੀ ਅਧਿਕਾਰਾਂ ਦਾ ਸਿੱਧਾ ਉਲੰਘਣ ਹੈ ਅਤੇ ਸਰਕਾਰ ਨੂੰ ਅਜਿਹੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਰਨਦੀਪ ਕੌਰ ਨੂੰ ਹਵਾਈ ਅੱਡੇ ‘ਤੇ ਰੋਕਣ ਦੀ ਕਾਰਵਾਈ ਨੇ ਸਰਕਾਰ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ।