ਪੰਜਾਬ ਦੇ ਲੋਕ ਦੁਨੀਆਂ ਵਿੱਚ ਕਿਤੇ ਵੀ ਰਹਿੰਦੇ ਹੋਣ ਆਪਣੀ ਪਹਿਚਾਣ ਜ਼ਰੂਰ ਕਾਇਮ ਰੱਖਦੇ ਹਨ। ਅਮਰੀਕਾ ਵਿੱਚ ਪੰਜਾਬ ਦੀ ਧੀ ਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਭੁੱਲੇਚੱਕ ਦੇ ਰਹਿਣ ਵਾਲੇ ਪਰਿਵਾਰ ਦੀ ਬੇਟੀ ਮਨਮੀਤ ਕੌਰ ਭਗਤਾਣਾ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ ਬਣ ਗਈ ਹੈ। ਜਿਸ ਤੋਂ ਬਾਅਦ ਮਨਮੀਤ ਭਗਤਾਣਾ ਦੇ ਜੱਦੀ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਛਾ ਗਿਆ ਹੈ। ਪਰਿਵਾਰ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹੈ।
ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ਼ ਬਣਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ
ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਭੁੱਲੇਚੱਕ ਦੀ ਜੰਮਪਲ ਮਨਮੀਤ ਭਗਤਾਣਾ ਪੁੱਤਰੀ ਕੁਲਵੰਤ ਸਿੰਘ ਨੇ ਅਮਰੀਕਾ ਵਿੱਚ ਪਹਿਲੀ ਸਿੱਖ ਅਸਿਸਟੈਂਟ ਪੁਲਿਸ ਚੀਫ਼ ਬਣਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਨਮੀਤ ਕੌਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੂਰੇ ਇਲਾਕੇ ਅੰਦਰ ਵੀ ਜਸ਼ਨ ਵਾਲਾ ਮਾਹੌਲ ਛਾਇਆ ਹੋਇਆ ਹੈ। ਮਨਮੀਤ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸੀ। ਉਸ ਵੱਲੋ 6ਵੀਂ ਜਮਾਤ ਤੱਕ ਦੀ ਪੜ੍ਹਾਈ ਗੁਰੂ ਰਾਮਦਾਸ ਪਬਲਿਕ ਸਕੂਲ ਜਲੰਧਰ ਤੋਂ ਕੀਤੀ ਸੀ।
ਸਾਲ 2008 ਵਿਚ ਮਨਮੀਤ ਪੁਲਸ ਫੋਰਸ ਵਿਚ ਭਰਤੀ ਹੋ ਗਈ
ਇਸ ਉਪਰੰਤ 1996 ਵਿੱਚ ਉਹ ਪਰਿਵਾਰ ਸਮੇਤ ਅਮਰੀਕਾ ਚੱਲ ਗਈ ਅਤੇ ਉਥੋਂ 12ਵੀਂ ਕਰਨ ਉਪਰੰਤ ਨਿਊ ਹੈਵਨ ਯੂਨੀਵਰਸਿਟੀ ਤੋਂ ਕਮਰੀਸ਼ਲ ਲਾਅ ਚੀਫ਼ ਅਤੇ ਮਾਸਟਰ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਸਾਲ 2008 ਵਿਚ ਮਨਮੀਤ ਪੁਲਸ ਫੋਰਸ ‘ਚ ਭਰਤੀ ਹੋ ਗਈ ਅਤੇ ਉਸ ਵੱਲੋ ਕੀਤੀ ਸਖ਼ਤ ਮਿਹਨਤ ਸਦਕਾ, ਉਸ ਨੇ 24 ਮਾਰਚ 2023 ਨੂੰ ਅਮਰੀਕਾ ਵਿਚ ਅਸਿਸਟੈਂਟ ਪੁਲਿਸ ਚੀਫ਼ ਬਣਨ ਦਾ ਸੁਫ਼ਨਾ ਪੂਰਾ ਕੀਤਾ। ਇਹ ਹਰ ਇੱਕ ਪੰਜਾਬੀ ਲਈ ਮਾਣ ਵਾਲੀ ਗੱਲ ਹੈ।