ਪੰਜਾਬ ਦੇ ਮੋਗਾ ਜ਼ਿਲ੍ਹੇ ਅਧੀਨ ਆਉਂਦੇ ਹਲਕਾ ਬਾਘਾਪੁਰਾਣਾ ਵਿੱਚ ਪੈਂਦੇ ਪਿੰਡ ਰੋਡੇ ਤੋਂ ਬੀਤੇ ਦਿਨ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਗਈ ਸੀ। ਜਿਸ ਤੋਂ ਬਾਅਦ ਸਿਵਲ ਕੱਪੜਿਆਂ ਵਿੱਚ ਆਈ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਿੱਧਾ ਬਠਿੰਡਾ ਲੈ ਕੇ ਚਲੇ ਗਏ ਤੇ ਉਥੇ ਬਾਏ ਏਅਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਉਸ ਨੌ ਸਾਥੀਆਂ ਨੂੰ ਜੇਲ੍ਹ ਵਿੱਚ ਸਖ਼ਤ ਪਹਿਰੇ ਹੇਠ ਰੱਖਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਤੋਂ ਐਨ ਆਈ ਏ ਤੇ ਆਈਬੀ ਦੀਆਂ ਟੀਮਾਂ ਪੁੱਛਗਿੱਛ ਕਰ ਸਕਦੀਆਂ ਹਨ । ਏਜੰਸੀਆਂ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨ ਦੀਆਂ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਹੋ ਸਕਦੇ ਹਨ।
ਸੂਤਰਾਂ ਮੁਤਾਬਕ ਅੰਮ੍ਰਿਤਪਾਲ ਨੂੰ ਇੱਕ ਵੱਖਰੇ ਤਨਹਾਈ ਸੈੱਲ ਵਿੱਚ ਰੱਖਿਆ ਗਿਆ ਹੈ। ਜਿਸ ਕੋਠੜੀ ਵਿੱਚ ਅੰਮ੍ਰਿਤਪਾਲ ਨੂੰ ਰੱਖਿਆ ਗਿਆ ਹੈ, ਉਸ ਸੈਲ ਵਿੱਚ ਅੰਮ੍ਰਿਤਪਾਲ ਤੋਂ ਇਲਾਵਾ ਕੋਈ ਹੋਰ ਕੈਦੀ ਨਹੀਂ ਹੈ। ਅੰਮ੍ਰਿਤਪਾਲ ਦੇ ਬਾਕੀ 9 ਸਾਥੀ ਇੱਥੇ ਬੰਦ ਹਨ ਪਰ ਕਿਸੇ ਨੂੰ ਵੀ ਇੱਕ ਦੂਜੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ। ਉਸ ਦੇ ਬਾਕੀ ਸਾਥੀਆਂ ਨੂੰ ਵੀ ਅਲੱਗ-ਅਲੱਗ ਕੋਠੜੀਆਂ ਵਿੱਚ ਰੱਖਿਆ ਜਾਂਦਾ ਹੈ, ਯਾਨੀ ਇੱਕ ਕੈਦੀ ਦੂਜੇ ਕੈਦੀ ਨੂੰ ਨਹੀਂ ਮਿਲ ਸਕਦਾ।
ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੂੰ ਜਿਸ ਤਨਹਾਈ ਸੈੱਲ ਵਿਚ ਰੱਖਿਆ ਗਿਆ ਹੈ, ਉਸ ਵਿੱਚ ਪਹਿਲਾਂ ਉਲਫ਼ਾ ਨਾਲ ਜੁੜੇ ਖ਼ਤਰਨਾਕ ਅਤਿਵਾਦੀਆਂ ਨੂੰ ਰੱਖਿਆ ਗਿਆ ਸੀ। ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ‘ਤੇ ਨਜ਼ਰ ਰੱਖਣ ਲਈ ਕਈ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ, ਜਿਸ ਰਾਹੀਂ ਉਨ੍ਹਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਬੀਤੀ ਦੇਰ ਰਾਤ ਤੱਕ ਆਪਣੀ ਕੋਠੜੀ ਵਿੱਚ ਜਾਗਦਾ ਰਿਹਾ। ਜੇਲ੍ਹ ਮੈਨੂਅਲ ਮੁਤਾਬਕ ਉਸ ਨੂੰ ਕੋਠੜੀ ਦੇ ਅੰਦਰ ਖਾਣਾ ਦਿੱਤਾ ਗਿਆ ਜੋ ਉਸ ਨੇ ਖਾਧਾ। ਅੰਮ੍ਰਿਤਪਾਲ ਤੇ ਉਸ ਦੇ 9 ਸਾਥੀ ਜੋ ਐਨਐਸਏ ਅਧੀਨ ਹਨ, ਨੂੰ ਉਨ੍ਹਾਂ ਦੇ ਇਕਾਂਤ ਸੈੱਲ ਵਿੱਚ ਹੀ ਖਾਣਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਖਾਣਾ ਖਾਣ ਲਈ ਸੈੱਲ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ।