ਪੰਜਾਬ ਦੇ ਮੋਰਿੰਡਾ ਵਿੱਚ ਬੀਤੇ ਦਿਨੀਂ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਜਸਵੀਰ ਸਿੰਘ ਨਾਮੀ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਸੀ ਤੇ ਪਾਠ ਕਰ ਰਹੇ ਪਾਠੀ ਸਿੰਘ ਉਪਰ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਫੜ ਕੇ ਰੂਪਨਗਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਇਸ ਦੌਰਾਨ ਕਿਸੇ ਨੂੰ ਵੀ ਅਦਾਲਤ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਮੌਕੇ ਜੱਜ ਨੇ ਮੁਲਜ਼ਮ ਦੇ ਮੈਡੀਕਲ ਰਿਕਾਰਡ ਬਾਰੇ ਵੀ ਪੁੱਛਗਿੱਛ ਕੀਤੀ। ਰੋਪੜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਤਜਵੀਜ਼ ਰੱਖ ਕੇ ਮੁਲਜ਼ਮ ਦੇ ਹੱਕ ਵਿੱਚ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਮੁਫ਼ਤ ਕਾਨੂੰਨੀ ਸੇਵਾਵਾਂ ਤਹਿਤ ਆਏ ਵਕੀਲ ਨੇ ਵੀ ਮੁਲਜ਼ਮ ਦੀ ਪੈਰਵੀ ਕਰਨ ਤੋਂ ਇਨਕਾਰ ਕਰ ਦਿੱਤਾ।
ਦੱਸ ਦਈਏ ਕਿ ਜਸਬੀਰ ਸਿੰਘ ਜੱਸੀ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਹੇਠਲੇ ਹਿੱਸੇ ਵਿੱਚ ਪਾਠ ਕਰ ਰਹੇ ਦੋ ਪਾਠੀ ਸਿੰਘਾਂ ਦੀ ਕੁੱਟਮਾਰ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨਾਲ ਬਦਸਲੂਕੀ ਕੀਤੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਤੇ ਪੁਲਿਸ ਹਵਾਲੇ ਕਰ ਦਿੱਤਾ। ਇਸ ਘਟਨਾ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ ਸੀ।
ਉਧਰ, ਅਖੰਡ ਕੀਰਤਨੀ ਜਥੇ ਦੀ 11 ਮੈਂਬਰੀ ਕਮੇਟੀ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਜਨਤਕ ਤੌਰ ’ਤੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਿੱਖ ਪੰਥ ਨੂੰ ਵੀ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਅਖੰਡ ਕੀਰਤਨੀ ਜਥੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੇਸ਼ ਭਰ ਵਿੱਚ ਹੋਣ ਵਾਲੀ ਕਿਸੇ ਵੀ ਚੋਣ ਵਿੱਚ ਜਥੇਬੰਦੀ ਵੱਲੋਂ ਸਿਰਫ ਉਸ ਪਾਰਟੀ ਨੂੰ ਸਮਰਥਨ ਦਿੱਤਾ ਜਾਵੇਗਾ ਜੋ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਵੇਗੀ।