ਪੰਜਾਬ ਵਿੱਚ ਬੀਤੇ ਦਿਨੀਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਫੜੇ ਕੇ ਐਨ ਐਸ ਏ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਵਕੀਲਾਂ ਦੇ ਪੈਨਲ ਨੇ ਉਨ੍ਹਾਂ 10 ਬੰਦੀਆਂ ਨਾਲ ਮੁਲਾਕਾਤ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਅਤੇ ਦੂਜੇ ਸਾਰੇ ਸਾਥੀਆਂ ਤੇ ਲਾਈ ਗਈ ਐਨ ਐਸ ਏ ਖਿਲਾਫ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਤੋਂ ਬਾਅਦ ਲੱਗੀ ਐਨ ਐਸ ਏ ਨੂੰ ਚੁਣੌਤੀ ਦੇਣ ਲਈ ਪਟੀਸ਼ਨਾਂ ਦਾਇਰ ਕੀਤੀਆਂ ਜਾਣਗੀਆ। ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਪੰਜ ਸਾਥੀਆਂ ਦੇ ਮਾਮਲੇ ਨੂੰ ਲੈ ਕੇ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਪਾਈ ਹੋਈ ਸੀ। ਉਹ ਰਿੱਟ ਪਟੀਸ਼ਨ ਵਾਪਸ ਲੈ ਲਈ ਹੈ। ਹਾਸਲ ਜਾਣਕਾਰੀ ਮੁਤਾਬਕ ਜਿਨ੍ਹਾਂ ਪੰਜ ਵਿਅਕਤੀਆਂ ਦੀ ਰਿੱਟ ਪਟੀਸ਼ਨ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਉਕੇ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ ਦੌਲਤਪੁਰਾ ਤੇ ਵਰਿੰਦਰ ਸਿੰਘ ਫੌਜੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦਲਜੀਤ ਕਲਸੀ ਦੇ ਸਬੰਧ ਵਿੱਚ ਦਾਇਰ ਰਿੱਟ ਪਟੀਸ਼ਨ ਵੀ ਹਾਈ ਕੋਰਟ ਵਿੱਚੋਂ ਵਾਪਸ ਲੈ ਲਈ ਗਈ ਹੈ। ਹੁਣ ਉਸ ਵਿਰੁੱਧ ਐਨਐਸਏ ਲਾਏ ਜਾਣ ਨੂੰ ਚੁਣੌਤੀ ਦੇਣ ਲਈ ਨਵੀਂ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਦਰਅਸਲ ਬੀਤੇ ਦਿਨੀਂ ਬੰਦੀਆਂ ਦੇ ਵਕੀਲ ਡਿਬਰੂਗੜ੍ਹ ਜੇਲ੍ਹ ਵਿੱਚ ਜਾ ਕੇ ਉਨ੍ਹਾਂ ਨੂੰ ਮਿਲੇ ਸਨ। ਇਸ ਦੇ ਨਾਲ ਹੀ ਬੰਦੀ ਬਣਾਉਣ ਦੇ ਆਧਾਰ ਬਾਰੇ ਵੀ ਜਾਣਕਾਰੀ ਲਈ ਗਈ ਸੀ। ਇਸ ਮਗਰੋਂ ਵਕੀਲਾਂ ਵੱਲੋਂ ਨਜ਼ਰਬੰਦੀ ਦੇ ਆਧਾਰ ‘ਤੇ ਸਲਾਹਕਾਰ ਬੋਰਡ ਦੀ ਰਿਪੋਰਟ ਤੋਂ ਬਾਅਦ ਐਨਐਸਏ ਨੂੰ ਚੁਣੌਤੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਨਜ਼ਰਬੰਦੀ ਦੇ ਸੱਤ ਹਫ਼ਤਿਆਂ ਦੇ ਅੰਦਰ ਐਡਵਾਈਜ਼ਰੀ ਬੋਰਡ ਨੂੰ ਰਿਪੋਰਟ ਦੇਣੀ ਪੈਂਦੀ ਹੈ। ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਇਸ ਮਾਮਲੇ ਵਿੱਚ ਐਡਵਾਈਜ਼ਰੀ ਬੋਰਡ ਨੂੰ ਐਨਐਸਏ ਲਾਉਣ ਦੇ ਕਾਰਨ ਦੱਸੇ ਹਨ। ਇਸ ਮਗਰੋਂ ਹੁਣ ਐਡਵਾਈਜ਼ਰੀ ਬੋਰਡ ਆਪਣੀ ਰਿਪੋਰਟ ਦੇਵੇਗਾ।