ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਨੂੰ ਲੈ ਕੇ ਕਾਫੀ ਰੌਲਾ ਪੈ ਰਿਹਾ ਹੈ। ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਵੱਲੋਂ ਕੁੱਝ ਦਿਨ ਪਹਿਲਾਂ ਉਹ ਅਸ਼ਲੀਲ ਵੀਡੀਓ ਤੇ ਕੁੱਝ ਤੱਥ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੇ ਗਏ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਰਾਜਪਾਲ ਵੱਲੋਂ ਉਸ ਵੀਡੀਓ ਦੀ ਜਾਂਚ ਕਰਵਾਉਣ ਲਈ ਪੁਲਿਸ ਮੁਖੀ ਨੂੰ ਕਿਹਾ ਗਿਆ ਹੈ ਕਿ ਵੀਡੀਓ ਦੀ ਫੋਰੇਂਸਿਕ ਜਾਂਚ ਕਰਵਾਓ ਤੇ ਜੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸ਼ਿਕਾਇਤ ਵਿੱਚ ਦਿੱਤੇ ਤੱਥਾਂ ਦੀ ਵੀ ਪੜਤਾਲ ਕਰਵਾਈ ਜਾਵੇ।
ਦੱਸ ਦਈਏ ਕਿ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਵੱਲੋਂ ਰਾਜਪਾਲ ਨੂੰ ਇਤਰਾਜ਼ਯੋਗ ਵੀਡੀਓ ਦੇ ਕੇ ਇਸ ਦੀ ਫੋਰੈਂਸਿਕ ਜਾਂਚ ਦੀ ਮੰਗ ਦੇ ਨਾਲ-ਨਾਲ ਵੀਡੀਓ ਸਹੀ ਪਾਏ ਜਾਣ ‘ਤੇ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਗਈ ਸੀ। ਸੂਤਰਾਂ ਮੁਤਾਬਕ ਇਸ ਤੋਂ ਬਾਅਦ ਰਾਜਪਾਲ ਪੁਰੋਹਿਤ ਨੇ ਇਹ ਕਦਮ ਚੁੱਕਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਜਪਾਲ ਨੇ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਡੀਜੀਪੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਬੇਨਤੀ ਕੀਤੀ ਹੈ ਕਿ ਇਨ੍ਹਾਂ ਵੀਡੀਓਜ਼ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ। ਖਹਿਰਾ ਨੇ ਕਿਹਾ ਕਿ ਅਜਿਹੀਆਂ ਵੀਡੀਓਜ਼ ਜੇਕਰ ਸੋਸ਼ਲ ਮੀਡੀਆ ਉੱਤੇ ਪਾਈਆ ਜਾਂਦੀਆਂ ਤਾਂ ਇਸ ਦਾ ਬਹੁਤ ਗ਼ਲਤ ਪ੍ਰਭਾਵ ਲੋਕਾਂ ਵਿੱਚ ਜਾਣਾ ਸੀ। ਇਸ ਲਈ ਉਹ ਇਹ ਵੀਡੀਓ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਕੋਲ ਲੈ ਕੇ ਗਏ।
ਵੀਡੀਓ ਦੀ ਫੋਰੈਂਸਿਕ ਜਾਂਚ ਦੀ ਕੀਤੀ ਮੰਗ
ਸੁਖਪਾਲ ਖਹਿਰਾ ਨੇ ਮੰਗ ਕੀਤੀ ਸੀ ਕਿ ਰਾਜਪਾਲ ਇਹਨਾਂ ਵੀਡੀਓ ਕਲਿੱਪਾਂ ਦੀ ਫੋਰੈਂਸਿਕ ਜਾਂਚ ਕਰਵਾਉਣ। ਜੇ ਇਹੀ ਕਲਿਪਜ਼ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਦਿੰਦੇ ਜਾਂ ਪੰਜਾਬ ਪੁਲਿਸ ਨੂੰ ਦਿੰਦੇ ਤਾਂ ਉਨ੍ਹਾਂ ਨੇ ਇਹ ਸਾਰਾ ਮਾਮਲਾ ਰਫ਼ਾ-ਦਫ਼ਾ ਕਰ ਦੇਣਾ ਸੀ। ਜਿਸ ਕਰਕੇ ਉਹਨਾਂ ਰਾਜਪਾਲ ਨੂੰ ਇਨ੍ਹਾਂ ਵੀਡੀਓਜ਼ ਦੀ ਜਾਂਚ ਚੰਡੀਗੜ੍ਹ ਪ੍ਰਸ਼ਾਸਨ ਕੋਲ ਕਰਵਾਉਣ ਲਈ ਕਿਹਾ ਹੈ।ਹਾਲਾਂਕਿ ਵੀਡੀਓ ‘ਚ ਮੰਤਰੀ ਕੌਣ ਹੈ? ਖਹਿਰਾ ਨੇ ਵੀ ਇਸ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਹੈ।