ਪੰਜਾਬ ਵਿੱਚ ਆਮ ਹੀ ਲੋਕਾਂ ਤੋਂ ਮੋਬਾਇਲ ਖੋਹਣ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਡੀਜੀਪੀ ਪੰਜਾਬ ਵੱਲੋਂ ਮੋਬਾਈਲ ਖੋਹਣ ਵਾਲਿਆਂ ਖ਼ਿਲਾਫ਼ ਸਖ਼ਤੀ ਕੀਤੀ ਹੋਈ ਹੈ। ਮੋਗਾ ਪੁਲਿਸ ਵੱਲੋਂ ਵੀ ਕਾਫੀ ਲੋਕਾਂ ਦੇ ਗੁੰਮ ਹੋਏ ਮੋਬਾਈਲਾਂ ਦੀ ਰਿਕਵਰੀ ਕਰਕੇ ਲੋਕਾਂ ਨੂੰ ਵਾਪਸ ਕੀਤੇ ਗਏ ਹਨ। ਇਸ ਸਬੰਧੀ ਐਸ ਐਸ ਪੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਲੋਕਾਂ ਦੀਆਂ ਗੁੰਮ ਮੋਬਾਇਲ ਫੋਨਾਂ ਸਬੰਧੀ ਸ਼ਿਕਾਇਤਾਂ ਉੱਪਰ ਕਾਰਵਾਈ ਕਰਦਿਆਂ ਪੁਲਿਸ ਦੇ ਤਕਨੀਕੀ ਸੈੱਲ ਵੱਲੋਂ 94 ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ। ਇਹ 94 ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤੇ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਵੀ ਕਿਸੇ ਪਾਸੋਂ ਪੁਰਾਣਾ ਮੋਬਾਇਲ ਫੋਨ ਖਰੀਦਣਾ ਹੈ ਤਾਂ ਖਰੀਦ ਕਰਨ ਤੋਂ ਪਹਿਲਾਂ ਉਸ ਮੋਬਾਇਲ ਦਾ ਪਰੂਫ਼ ਜਰੂਰ ਲਿਆ ਜਾਵੇ ਅਤੇ ਕਿਸੇ ਵੀ ਅਗਿਆਤ ਵਿਅਕਤੀ ਤੋਂ ਪੁਰਾਣਾ ਮੋਬਾਇਲ ਫੋਨ ਨਾ ਖਰੀਦਿਆ ਜਾਵੇ ਕਿਉਂਕਿ ਇਹ ਚੋਰੀ ਦਾ ਵੀ ਹੋ ਸਕਦਾ ਹੈ। ਵਰਤੇ ਜਾਣ ਵਾਲੇ ਮੋਬਾਇਲ ਫੋਨ ਉੱਪਰ ਸਕਿਰਉਰਿਟੀ ਲਾਕ ਜਰੂਰ ਲਗਾਇਆ ਜਾਵੇ। ਕਿਸੇ ਵੀ ਅਣਜਾਣ ਵਿਅਕਤੀ ਦੀ ਕਾਲ ਤੇ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਓ.ਟੀ.ਪੀ., ਸੀ.ਵੀ.ਵੀ., ਕਾਰਡ ਨੰਬਰ ਆਦਿ ਸ਼ੇਅਰ ਨਾ ਕੀਤੀ ਜਾਵੇ। ਏ.ਟੀ.ਐਮ. ਕਾਰਡ ਵਰਤੋਂ ਕਰਨ ਸਮੇਂ ਸਾਵਧਾਨੀ ਵਰਤੀ ਜਾਵੇ ਅਤੇ ਅਗਿਆਤ ਵਿਅਕਤੀ ਨੂੰ ਆਪਣਾ ਏ.ਟੀ.ਐਮ. ਨਾ ਦਿੱਤਾ ਜਾਵੇ।