ਪੰਜਾਬ ਵਿੱਚ ਡਰੱਗ ਤਸਕਰੀ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਚਰਚਾਵਾਂ ਵਿੱਚ ਮੋਗਾ ਦੇ ਤਤਕਾਲੀ ਐਸਐਸਪੀ ਤੇ ਏਆਈਜੀ ਰਾਜਜੀਤ ਸਿੰਘ ਦਾ ਨਾਮ ਵੀ ਗੂੰਜਦਾ ਰਹਿੰਦਾ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਜੀਤ ਸਿੰਘ ਦੀ ਮੁਸ਼ਕਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ। ਸਪੈਸ਼ਲ ਟਾਸਕ ਫੋਰਸ ਦੀ ਵਿਸ਼ੇਸ਼ ਜਾਂਚ ਟੀਮ ਨੇ ਰਾਜਜੀਤ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਹੈ। ਉਸ ਪਰਚੇ ਵਿੱਚ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਣੀ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੇ ਇਲਜ਼ਾਮਾਂ ਲੱਗੇ ਹਨ।
ਹਾਸਲ ਜਾਣਕਾਰੀ ਅਨੁਸਾਰ ਸਪੈਸ਼ਲ STF ਵੱਲੋਂ ਰਾਜਜੀਤ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜਨਤਕ ਕੀਤੀਆਂ ਗਈਆਂ ਤਿੰਨ ਐਸਆਈਟੀ ਰਿਪੋਰਟਾਂ ਦੇ ਆਧਾਰ ‘ਤੇ ਮੋਹਾਲੀ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਐਫਆਈਆਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਬਰਖ਼ਾਸਤ ਅਧਿਕਾਰੀ ‘ਤੇ ਜਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਸਿਟ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਰਾਜਜੀਤ ਦੀ ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਮਿਲੀਭੁਗਤ ਹੈ।
ਐਸਆਈਟੀ ਨੇ ਜਾਂਚ ਵਿਚ ਤਤਕਾਲੀ ਵਿਸ਼ੇਸ਼ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਅਗਵਾਈ ਵਾਲੀ ਐਸਆਈਟੀ ਦੁਆਰਾ ਜਾਂਚ ਕੀਤੇ ਵਿਅਕਤੀਆਂ ਦੇ ਬਿਆਨਾਂ ਦੇ ਅਧਾਰ ਤੇ ਬਰਖ਼ਾਸਤ ਪੁਲਿਸ ਅਧਿਕਾਰੀ ਦਾ ਨਾਂਅ ਲਿਆ ਹੈ। ਦੱਸ ਦੇਈਏ ਕਿ ਫਰਾਰ ਚੱਲ ਰਹੇ ਸਾਬਕਾ ਏ.ਆਈ.ਜੀ. ਰਾਜਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਨੇ ਵਾਰੰਟ ਵੀ ਜਾਰੀ ਕੀਤੇ ਹਨ। ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਦਿੱਲੀ, ਮੁਹਾਲੀ ਅਤੇ ਸ੍ਰੀਗੰਗਾਨਗਰ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ।
ਜਿਕਰਯੋਗ ਹੈ ਕਿ ਪੰਜਾਬ ਵਿੱਚ ਡਰੱਗਜ਼ ਰੈਕੇਟ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਜੋ ਕਿ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਬਣਿਆ ਹੋਇਆ ਹੈ। ਫਰਾਰ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟਾਸਕ ਫੋਰਸ (STF) ਦੇ ਹੱਥ ਅਜੇ ਵੀ ਖਾਲੀ ਹਨ। ਐਸਟੀਐਫ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੁਹਾਲੀ ਜ਼ਿਲ੍ਹਾ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। 18 ਮਈ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਰਾਜਜੀਤ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।