ਬਾਘਾ ਪੁਰਾਣਾ 25 ਮਈ (ਨਿਰਮਲ ਸਿੰਘ) ਬਾਘਾਪੁਰਾਣਾ ਦੇ ਮੋਗਾ ਰੋਡ ਨੇੜੇ ਐਚ ਡੀ ਐਫ ਸੀ ਬੈਂਕ ਕੋਲ ਬਾਅਦ ਦੁਪਹਿਰ ਸੜਕ ਉੱਪਰ ਇੱਕ ਤੇਜ਼ ਰਫ਼ਤਾਰ ਸਵਾਰੀਆਂ ਦੀ ਭਰੀ ਸਰਕਾਰੀ ਬੱਸ ਪਲਟਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੇ ਇੱਕਤਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 2 ਵਜੇ ਮੀਂਹ ਪੈਂਦੇ ਵਿੱਚ ਮੋਗਾ ਤਰਫੋਂ ਇੱਕ ਤੇਜ਼ ਰਫ਼ਤਾਰ ਸਰਕਾਰੀ ਬੱਸ ਆ ਰਹੀ ਸੀ। ਜਦੋਂ ਇਹ ਬੱਸ ਗੁਰਦੁਆਰਾ ਚਰਨ ਕੰਵਲ ਸਾਹਿਬ (ਮਸਤਾਨ ਸਿੰਘ ਵਾਲਾ)ਦੇ ਨਜ਼ਦੀਕ ਪੁੱਜੀ ਤਾਂ ਅਚਾਨਕ ਪਲਟ ਗਈ, ਜਿਸ ਨੂੰ ਲੈਕੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ, ਇਸ ਮੌਕੇ ਵੱਡੇ ਪੱਧਰ ਤੇ ਪਹੁੰਚੇ ਦੁਕਾਨਦਾਰਾ ਅਤੇ ਰਾਹਗੀਰਾਂ ਨੇ ਭਾਰੀ ਜੱਦੋਜਹਿਦ ਉਪਰੰਤ ਬੱਸ ਦੇ ਸ਼ੀਸ਼ੇ ਭੰਨ ਕੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਇਸ ਹਾਦਸੇ ਵਾਲੀ ਜਗ੍ਹਾ ਤੇ ਹਲਕਾ ਵਿਧਾਇਕ ਅਮ੍ਰਿੰਤਪਾਲ ਸਿੰਘ ਸੁਖਾਨੰਦ ਅਤੇ ਡੀ ਐਸ ਪੀ ਬਾਘਾ ਪੁਰਾਣਾ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਜਿੰਨਾਂ ਨੇ ਸਿਹਤ ਵਿਭਾਗ ਦੀ 108 ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਾਘਾ ਪੁਰਾਣਾ ਵਿਖੇ ਪਹੁੰਚਾਇਆ। ਲੋਕਾਂ ਨੇ ਇਹ ਵੀ ਦੱਸਿਆ ਕਿ ਬੱਸ ਦੀ ਲਪੇਟ ਵਿੱਚ ਆਉਣ ਨਾਲ ਦੁਕਾਨ ਅੱਗੇ ਖੜ੍ਹੇ ਦੋ ਪਹੀਆ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ।ਇਸ ਬੱਸ ਦੇ ਪਲਟਣ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਲੰਮੀਆਂ ਕਤਾਰਾਂ ਲੱਗ ਗਈਆਂ ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।