ਪੰਜਾਬ ਵਿੱਚ ਆਪਾ ਆਮ ਹੀ ਗੈਂਗਸਟਰਾਂ ਨਾਲ ਜੁੜੀਆਂ ਖਬਰਾਂ ਪੜਦੇ ਤੇ ਸੁਣਦੇ ਰਹਿੰਦੇ ਹਾਂ। ਪਰ ਹੁਣ ਗੈਂਗਸਟਰ ਵਾਦ ਦੀਆਂ ਖਬਰਾਂ ਕੈਨੇਡਾ ਵਰਗੇ ਵਿਕਾਸਸ਼ੀਲ ਦੇਸ਼ਾਂ ਤੋਂ ਵੀ ਆਉਂਣ ਲੱਗ ਪਈਆਂ ਹਨ। ਕੈਨੇਡਾ ਦੇ ਵੈਨਕੂਵਰ ਵਿੱਚ ਟਾਪ 10 ਗੈਂਗਸਟਰਾਂ ਵਿੱਚੋਂ ਇੱਕ ਅਮਰਪ੍ਰੀਤ ਸਿੰਘ ਸਮਰਾ ਉਰਫ਼ ਚੱਕੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਅਮਰਪ੍ਰੀਤ ਸਿੰਘ ਸਮਰਾ ਵੈਨਕੂਵਰ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਰਾਤ ਸਮੇਂ ਡਿਨਰ ਅਤੇ ਡਾਂਸ ਤੋਂ ਬਾਅਦ ਅਮਰਪ੍ਰੀਤ ਸਮਰਾ ਫਰੇਜ਼ਰਵਿਊ ਹਾਲ ਤੋਂ ਬਾਹਰ ਆਇਆ ਤਾਂ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਗੁਰਗਿਆਂ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਘਟਨਾ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਕਰੀਬ ਡੇਢ ਵਜੇ ਵਾਪਰੀ। ਅਮਰਪ੍ਰੀਤ ਆਪਣੇ ਭਰਾ ਰਵਿੰਦਰ ਨਾਲ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਹਮਲਾਵਰਾਂ ਨੇ ਸਬੂਤ ਮਿਟਾਉਣ ਲਈ ਉਸ ਦੀ ਗੱਡੀ ਨੂੰ ਵੀ ਅੱਗ ਲਾ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਇਸ ਤਰ੍ਹਾਂ ਸੁਣਾਈ ਦਿੱਤੀ ਜਿਵੇਂ ਮਸ਼ੀਨ ਗਨ ਤੋਂ ਗੋਲੀਬਾਰੀ ਕੀਤੀ ਗਈ ਹੋਵੇ।
ਅਮਰਪ੍ਰੀਤ ਸਿੰਘ ਸਮਰਾ ਉਰਫ ਚੱਕੀ ਸੰਯੁਕਤ ਰਾਸ਼ਟਰ (UN) ਦੀ ਟਾਪ-10 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸ ਦੇ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਵਿਚਕਾਰ ਕਾਰੋਬਾਰ ਨੂੰ ਲੈ ਕੇ ਦੁਸ਼ਮਣੀ ਸੀ। ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਹਮਲਾਵਰ ਪਹਿਲਾਂ ਹੀ ਵਿਆਹ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਇਸ ਕਤਲ ਨੂੰ ਟਾਰਗੇਟ ਕਿਲਿੰਗ ਮੰਨਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਅਧਿਕਾਰੀ ਤਾਨੀਆ ਵਿਸਟਿਨ ਨੇ ਦੱਸਿਆ ਕਿ ਪੁਲਿਸ ਹੈਲਪਲਾਈਨ ‘ਤੇ 1.30 ਵਜੇ ਕਾਲ ਆਈ ਅਤੇ ਪੁਲਿਸ ਉਸੇ ਸਮੇਂ ਉਥੇ ਪਹੁੰਚ ਗਈ। ਪੁਲਿਸ ਅਧਿਕਾਰੀ ਨੇ ਸੀਪੀਆਰ ਦੇ ਕੇ ਅਮਰਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਨੰਬਰ ਜਾਰੀ ਕਰਕੇ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਹੈ।