ਪੰਜਾਬ ਦੇ ਫਿਰੋਜ਼ਪੁਰ ਇੱਕ ਹਸਪਤਾਲ ਵਿੱਚ ਕਿਸੇ ਨਰਸ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਛਾਉਣੀ ਦੇ ਇੱਕ ਸਰਕਾਰੀ ਹਸਪਤਾਲ ਦੇ ਅਕਸਰੇ ਵਿਭਾਗ ਵਿੱਚ ਕੰਮ ਕਰਨ ਵਾਲਾ ਬੰਦਾ ਇੱਕ ਨਰਸ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਦਾ ਨਜ਼ਰ ਆਉਂਦਾ ਹੈ। ਉਸ ਮੌਕੇ ਇੱਕ ਹੋਰ ਔਰਤ ਵੱਲੋਂ ਉਸ ਨਰਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡੀਓ ਫਿਰੋਜ਼ਪੁਰ ਛਾਉਣੀ ਦੇ ਇੱਕ ਸਰਕਾਰੀ ਹਸਪਤਾਲ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਉਕਤ ਹਸਪਤਾਲ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਨਰਸ ਦੇ ਵਾਲ ਫੜ ਕੇ ਉਸ ਨੂੰ ਕੁੱਟਣ ਵਾਲਾ ਬੰਦਾ ਹਸਪਤਾਲ ਦੇ ਐਕਸਰੇ ਵਿਭਾਗ ‘ਚ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਦੋਵਾਂ ਵਿਚਾਲੇ ਕਿਸ ਗੱਲ ਦਾ ਝਗੜਾ ਹੋਇਆ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ‘ਚ ਪਹਿਲਾਂ ਬੰਦਾ ਕਮਰੇ ‘ਚ ਦਾਖਲ ਹੁੰਦਾ ਹੈ ਅਤੇ ਕੁਰਸੀ ‘ਤੇ ਬੈਠਦਾ ਹੈ। ਉਸੇ ਵੇਲੇ ਨਰਸ ਆ ਜਾਂਦੀ ਹੈ ਅਤੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤਾਂ ਬੰਦਾ ਨਰਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਨਰਸ ਵੀ ਆਪਣਾ ਬਚਾਅ ਕਰਦੀ ਹੈ ਪਰ ਆਦਮੀ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ।
ਦੂਜੀ ਔਰਤ ਨਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਇੱਕ ਵੀਡੀਓ ਵੀ ਬਣਾ ਕੇ ਹਸਪਤਾਲ ਦੇ ਸੀਨੀਅਰ ਅਧਿਕਾਰੀ ਨੂੰ ਭੇਜੀ ਗਈ ਹੈ ਪਰ ਅਜੇ ਤੱਕ ਦੋਸ਼ੀ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ ਗਿਆ।