ਬਾਘਾ ਪੁਰਾਣਾ 31ਮਈ (ਨਿਰਮਲ ਸਿੰਘ) ਵੀਹਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ 14ਵੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਨੂੰ ਲੈਕੇ ਗੁਰਦੁਆਰਾ ਸਾਹਿਬ ਸੰਤ ਖਾਲਸਾ ਪਿੰਡ ਰੋਡੇ (ਮੋਗਾ) ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਨਿਹੰਗ ਸਿੰਘ ਜੱਥੇਬੰਦੀਆਂ,ਸੰਤ ਸਮਾਜ, ਇੰਟਰਨੈਸ਼ਨਲ ਪੰਥਕ ਦਲ, ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਉਦਾਸੀ ਤੇ ਨਿਰਮਲ ਸੰਪ੍ਰਦਾਇ ਅਤੇ ਹੋਰ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਧਾਰਮਿਕ ਤੇ ਹੋਰਨਾਂ ਜੱਥੇਬੰਦੀਆਂ ਦੇ ਆਗੂ ਸੰਗਤਾਂ ਵੱਡੇ ਕਾਫ਼ਲਿਆਂ ਸਮੇਤ ਪੁੱਜਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੰਤ ਸਿੰਘ ਰੋਡੇ ਨੇ ਸਮਾਗਮ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ 2 ਜੂਨ ਦਿਨ ਸ਼ੁੱਕਰਵਾਰ ਨੂੰ ਪਾਠਾ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਰਾਗੀ ,ਕਥਾ ਵਾਚਕ ਅਤੇ ਸੰਤ ਮਹਾਂਪੁਰਖ ਜੁੜ ਬੈਠੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਪੁੱਜਣ ਵਾਲੀਆਂ ਸੰਗਤਾਂ ਦੇ ਵਾਹਨਾ ਦੀ ਪਾਰਕਿੰਗ ਲਈ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ। ਇਸ ਸਮਾਗਮ ਦੌਰਾਨ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸਿੰਘ ਸਾਹਿਬ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਡੇ ਪੱਧਰ ਤੇ ਪਹੁੰਚਣ ਦੀ ਅਪੀਲ ਕੀਤੀ।