ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਤਿੰਨ ਹਮਾਇਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਲੋਕਾਂ ਦੀ ਪਛਾਣ ਜ਼ੀਰਕਪੁਰ ਵਾਸੀ ਰੋਹਿਤ ਭਾਰਦਵਾਜ ਉਰਫ਼ ਰਿੰਮੀ, ਚੰਡੀਗੜ੍ਹ ਵਾਸੀ ਮੋਹਿਤ ਭਾਰਦਵਾਜ ਅਤੇ ਅਰਜੁਨ ਠਾਕੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਵਿਸਥਾਰਤ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਦੇ ਨਤੀਜੇ ਵਜੋਂ ਜਬਰਨ ਵਸੂਲੀ ਰੈਕੇਟ ਵਿੱਚ ਸ਼ਾਮਲ ਇਨ੍ਹਾਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਟੀਮ ਨੇ ਮੁਲਜ਼ਮ ਰੋਹਿਤ ਭਾਰਦਵਾਜ ਉਰਫ਼ ਰਿੰਮੀ ਕੋਲੋਂ 14.78 ਲੱਖ ਰੁਪਏ ਦੀ ਨਕਦੀ ਅਤੇ ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਅਤੇ ਹੋਰ ਠੋਸ ਸਬੂਤ ਵੀ ਬਰਾਮਦ ਕੀਤੇ ਹਨ। ਮੁਲਜ਼ਮ ਲੋਕਾਂ ਨੂੰ ਠੱਗਣ ਲਈ ਆਨਲਾਈਨ ਜੂਏ ਦੇ ਪਲੇਟਫਾਰਮ ਦੀ ਵਰਤੋਂ ਕਰ ਰਹੇ ਸਨ। ਮੁਲਜ਼ਮਾਂ ਵੱਲੋਂ ਵਰਤੀ ਗਈ ਢੰਗ-ਤਰੀਕੇ ਦਾ ਵੇਰਵਾ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਆਨਲਾਈਨ ਜੂਏ ਦੇ ਪਲੇਟਫਾਰਮ ‘ਡਾਇਮੰਡ ਐਕਸਚੇਂਜ’ ਦੀ ਵਰਤੋਂ ਕਰਕੇ ਥੋੜ੍ਹੇ ਜਿਹੇ ਪੈਸਿਆਂ ਲਈ ਸੱਟਾ ਲਗਾ ਕੇ ਲੋਕਾਂ ਨੂੰ ਧੋਖਾ ਦੇ ਰਹੇ ਸਨ।
ਮੁਲਜ਼ਮ ਕਰਜ਼ੇ ਦੀ ਰਕਮ ’ਤੇ ਮੋਟਾ ਵਿਆਜ ਵਸੂਲਦੇ ਸਨ
ਉਨ੍ਹਾਂ ਦੱਸਿਆ ਕਿ ਕੁਝ ਇਨਾਮ ਜਿੱਤਣ ਤੋਂ ਬਾਅਦ ਜਦੋਂ ਪੀੜਤ ਸੱਟੇਬਾਜ਼ੀ ਵਿੱਚ ਹਾਰਨ ਲੱਗਾ ਤਾਂ ਮੁਲਜ਼ਮ ਲੱਖਾਂ ਰੁਪਏ ਉਧਾਰ ‘ਤੇ ਚੜ੍ਹਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਪੀੜਤ ਨੂੰ ਕਰਜ਼ੇ ਰਾਹੀਂ ਪੈਸੇ ਮਿਲ ਜਾਂਦੇ ਸਨ ਤਾਂ ਮੁਲਜ਼ਮ ਉਸ ਰਕਮ ’ਤੇ ਮੋਟਾ ਵਿਆਜ ਵਸੂਲਦੇ ਸਨ। ਇਹ ਕਰੋੜਾਂ ਰੁਪਏ ਦਾ ਕਾਰੋਬਾਰ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਦੋਂ ਪੀੜਤ ਪੈਸੇ ਵਾਪਸ ਨਹੀਂ ਕਰ ਸਕਦੇ ਸਨ ਤਾਂ ਇਹ ਅਪਰਾਧੀ ਜੇਲ੍ਹ ਅਤੇ ਵਿਦੇਸ਼ ਵਿੱਚ ਆਪਣੇ ਗੈਂਗਸਟਰ ਸਾਥੀਆਂ ਰਾਹੀਂ ਉਨ੍ਹਾਂ ਨੂੰ ਧਮਕੀਆਂ ਭਰੇ ਫ਼ੋਨ ਕਾਲਾਂ ਕਰਦੇ ਸਨ।
ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਟੀਮਾਂ ਨੇ ਭੁਗਤਾਨ ਦੇ ਵੱਖ-ਵੱਖ ਤਰੀਕਿਆਂ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ ਜਿਨ੍ਹਾਂ ਰਾਹੀਂ ਪੈਸੇ ਟਰਾਂਸਫਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀਆਂ ਗਤੀਵਿਧੀਆਂ ਨਾਲ ਜੁੜੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਧੋਖਾਧੜੀ ਲਈ ਵਰਤੀ ਗਈ ਵੈੱਬਸਾਈਟ ਦੇ ਮਾਲਕ ਅਤੇ ਇਸ ਦੇ ਸੰਚਾਲਨ ਦੇ ਸਥਾਨ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਏਆਈਜੀ ਐਸਐਸਓਸੀ ਐਸਏਐਸ ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਐਸਏਐਸ ਨਗਰ ਦੇ ਸੈਕਟਰ 69 ਵਿੱਚ ਕਿਰਾਏ ਦੇ ਫਲੈਟ ਤੋਂ ਇਸ ਗਰੋਹ ਨੂੰ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਸ਼ਾਰੇ ‘ਤੇ ਮੁਹਾਲੀ ਅਤੇ ਚੰਡੀਗੜ੍ਹ ਦੇ ਨਾਈਟ ਕਲੱਬਾਂ ਅਤੇ ਬਾਰ ਮਾਲਕਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।