ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਦੁੱਨੇਕੇ ਦੇ ਸੁੱਖਾ ਨਾਮੀ ਵਿਅਕਤੀ ਦਾ ਕੈਨੇਡਾ ਵਿੱਚ ਗੋਲੀਆਂ ਮਾਰਕੇ ਕਤਲ ਕਰਨ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਸੁੱਖਾ ਦੁੱਨੇਕੇ ਤੇ ਪੰਜਾਬ ਵਿੱਚ 2 ਦਰਜਨ ਤੋਂ ਵੱਧ ਪਰਚੇ ਦਰਜ ਹਨ। ਗੈਂਗਸਟਰ ਸੁੱਖਾ ਦੁੱਨੇਕੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਦਾ ਰਹਿਣ ਵਾਲਾ ਸੀ। ਜਿਸ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ ਹੈ। ਸੁੱਖੇ ਖਿਲਾਫ ਪੰਜਾਬ ‘ਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਚੋਰੀ, ਡਕੈਤੀ, ਅਗਵਾ ਅਤੇ ਫਿਰੌਤੀ ਦੇ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ। ਉਸ ‘ਤੇ ਇਕ ਲੱਖ ਰੁਪਏ ਦਾ ਇਨਾਮ ਹੈ। ਸੁੱਖਾ ਦੁੱਨੇਕੇ ਕੁਝ ਸਮਾਂ ਪਹਿਲਾਂ ਜਾਅਲੀ ਪਾਸਪੋਰਟ ਬਣਾ ਕੇ ਨਿਕਲ ਗਿਆ ਸੀ । ਸ਼ੁਰੂਆਤੀ ਜਾਣਕਾਰੀ ਅਨੁਸਾਰ ਸੁੱਖਾ ਦੁੱਨੇਕੇ ਨੂੰ ਕੈਨੇਡਾ ਦੇ ਵਿਨੀਪੈਗ ‘ਚ ਗੋਲੀ ਮਾਰੀ ਗਈ ਹੈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਭਾਰਤ ਸਰਕਾਰ ਵੱਲੋਂ ਜਾਰੀ 41 ਅੱਤਵਾਦੀਆਂ ਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ।
ਦੱਸ ਦਈਏ ਕਿ ਕੈਟਾਗਰੀ ‘ਏ’ ਦਾ ਗੈਂਗਸਟਰ ਸੁੱਖਾ ਦੁੱਨੇਕੇ ਅਪਰਾਧ ਦੀ ਦੁਨੀਆ ‘ਚ ਆਉਣ ਤੋਂ ਪਹਿਲਾਂ ਮੋਗਾ ਦੇ ਡੀਸੀ ਦਫ਼ਤਰ ‘ਚ ਕੰਮ ਕਰਦਾ ਸੀ। ਉਹ ਪੁਲਿਸ ਦੀ ਮਦਦ ਨਾਲ ਜਾਅਲੀ ਦਸਤਾਵੇਜ਼ਾਂ ‘ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ 2017 ‘ਚ ਕੈਨੇਡਾ ਭੱਜ ਗਿਆ ਸੀ। ਉਸ ਸਮੇਂ ਉਸ ਵਿਰੁੱਧ ਸੱਤ ਅਪਰਾਧਿਕ ਮਾਮਲੇ ਚੱਲ ਰਹੇ ਸਨ। ਇਹ ਸਾਰੇ ਮਾਮਲੇ ਸਥਾਨਕ ਗਰੋਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਸਨ।
ਸੁੱਖਾ ਦੁੱਨੇਕੇ ਨੇ ਵੀ ਕਾਫੀ ਸਮਾਂ ਫਰੀਦਕੋਟ ਜੇਲ੍ਹ ‘ਚ ਗੁਜ਼ਾਰਿਆ ਤੇ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ। ਇੰਨਾ ਹੀ ਨਹੀਂ ਨੰਗਲ ਅੰਬੀਆ ਕਤਲੇਆਮ ‘ਚ ਵੀ ਦੁੱਨੇਕੇ ਦਾ ਨਾਂ ਆਇਆ ਸੀ ਤੇ ਉਸ ‘ਤੇ ਹਥਿਆਰ ਤੇ ਸ਼ੂਟਰ ਮੁਹੱਈਆ ਕਰਵਾਏ ਜਾਣ ਦਾ ਦੋਸ਼ ਸੀ।