ਕੈਨੇਡਾ ਅਤੇ ਭਾਰਤ ਵਿੱਚ ਚੱਲ ਰਿਹਾ ਵਿਵਾਦ ਵੱਧ ਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਅਗਲੀ ਸੂਚਨਾ ਤੱਕ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਏਐਨਆਈ ਏਜੰਸੀ ਦੀ ਖਬਰ ਮੁਤਾਬਕ, ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ – ਕੈਨੇਡਾ ਦੀ ਵੈੱਬਸਾਈਟ ਅਨੁਸਾਰ, ਕੁੱਝ ਆਪਰੇਸਨਲ ਕਾਰਨਾਂ ਕਰਕੇ, ਭਾਰਤੀ ਵੀਜ਼ਾ ਸੇਵਾਵਾਂ ਤੇ ਅਗਲੀ ਸੂਚਨਾ ਤੱਕ ਰੋਕ ਲਾ ਦਿੱਤੀ ਗਈ ਹੈ। ਇਹ ਰੋਕ ਅੱਜ ਤੋਂ ਜਾਣੀਕੇ 21 ਸਤੰਬਰ 2023 ਤੋਂ ਲਾਗੂ ਹੋ ਗਈ ਹੈ। ਕੈਨੇਡਾ ਤੋਂ ਭਾਰਤ ਆਉਣ ਵਾਲੇ ਟੂਰਿਸਟਾ ਨੂੰ ਭਾਰਤੀ ਵੀਜ਼ਾ ਨਹੀਂ ਮਿਲੇਗਾ।
ਇਸ ਵਿਵਾਦ ਦੇ ਕਾਰਨ ਹੀ ਹਾਲ ‘ਚ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ ‘ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਦੱਸ ਦੇਈਏ ਕਿ ਪਹਿਲਾਂ ਅਜਿਹੀ ਐਡਵਾਇਜ਼ਰੀ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਗਈ ਸੀ, ਜਿਸ ਮਗਰੋਂ ਭਾਰਤ ਨੇ ਵੀ ਆਪਣੇ ਨਾਗਰਿਕਾਂ ਲਈ ਅਜਿਹੀ ਹੀ ਐਡਵਾਇਜ਼ਰੀ ਜਾਰੀ ਕੀਤੀ।
ਹੁਣ ਕੈਨੇਡਾ ਨੇ ਭਾਰਤ ਵੱਲੋਂ ਜਾਰੀ ਇਸ ਸੁਰੱਖਿਆ ਐਡਵਾਇਜ਼ਰੀ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ‘ਕੈਨੇਡਾ ਇੱਕ ਸੁਰਖਿਅਤ ਦੇਸ ਹੈ’।
ਖ਼ਬਰ ਏਜੰਸੀ ਰਾਈਟਰਜ਼
ਮੁਤਾਬਕ, ਕੈਨੇਡਾ ਦੇ ਪਬਲਿਕ ਸੁਰੱਖਿਆ ਸਬੰਧੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਬੁੱਧਵਾਰ ਨੂੰ ਭਾਰਤ ਦੀ ਕੈਨੇਡਾ ਸਬੰਧੀ ਯਾਤਰਾ ਐਡਵਾਈਜ਼ਰੀ ਬਾਰੇ ਚੇਤਾਵਨੀ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਕੈਨੇਡਾ ਇੱਕ “ਸੁਰੱਖਿਅਤ ਦੇਸ” ਹੈ।
ਓਟਵਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਭਾਰਤ ਦੀ ਯਾਤਰਾ ਐਡਵਾਇਜ਼ਰੀ ‘ਤੇ ਧਿਆਨ ਦਿੱਤਾ ਹੈ। ਕੈਨੇਡਾ ਇੱਕ ਸੁਰੱਖਿਅਤ ਦੇਸ ਹੈ।”
ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
ਭਾਰਤ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਕੀ ਕਿਹਾ ਗਿਆ
ਭਾਰਤ ਨੇ ਆਪਣੇ ਬਿਆਨ ਵਿੱਚ ਕਿਹਾ, “ਕੈਨੇਡਾ ਵਿੱਚ ਵਧ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ ‘ਤੇ ਸਮਰਥਨ ਹਾਸਿਲ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।”
ਐਡਵਾਇਜ਼ਰੀ ਮੁਤਾਬਕ-
- ਕੈਨੇਡਾ ਰਹਿਣ ਵਾਲੇ ਅਤੇ ਜਾਣ ਵਾਲੇ ਵਧੇਰੇ ਸੁਚੇਤ ਰਹਿਣ
- ਭਾਰਤੀ ਕੂਟਨੀਤਕਾਂ ਨੂੰ ਅਤੇ ਭਾਰਤ ਵਿਰੋਧੀ ਏਜੰਡੇ ਦੇ ਖ਼ਿਲਾਫ਼ ਬੋਲਣ ਵਾਲੇ ਭਾਰਤੀਆਂ ਲਈ ਖ਼ਤਰੇ ਦੇ ਹਾਲਾਤ ਬਣੇ ਹਨ।
- ਅਜਿਹੇ ਇਲਾਕਿਆਂ ‘ਚ ਭਾਰਤੀ ਜਾਣ ਤੋਂ ਗੁਰੇਜ਼ ਕਰਨ ਜਿੱਥੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।
- ਸਾਡਾ ਹਾਈ ਕਮੀਸ਼ਨ ਕੈਨੇਡਾ ਦੀ ਅਥਾਰਿਟੀ ਨਾਲ ਸਭ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਰਾਬਤਾ ਕਾਇਮ ਰੱਖ ਰਿਹਾ ਹੈ।
- ਭਾਰਤ ਨੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਆਪਣਾ ਨਾਮ ਪੋਰਟਲ ‘ਤੇ ਰਜਿਸਟਰ ਜ਼ਰੂਰ ਕਰਵਾਉਣ।
ਕੈਨੇਡਾ ਵਲੋਂ ਜਾਰੀ ਟਰੈਵਲ ਐਡਵਾਇਜ਼ਰੀ ਵਿੱਚ ਕੀ ਕਿਹਾ ਗਿਆ
ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਵੈੱਬਸਾਈਟ ਉੱਤੇ ਇੱਕ ਟਰੈਵਲ ਐਡਵਾਇਜ਼ਰੀ ਨਸ਼ਰ ਕੀਤੀ ਹੈ ਅਤੇ ਭਾਰਤ ਵਿੱਚ ਯਾਤਰਾ ਕਰਨ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ।
ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਸੂਬਿਆਂ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।
ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ, ‘‘ਕੁਝ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ, ਹਾਲਾਤ ਤੇਜ਼ੀ ਨਾਲ ਬਦਲ ਸਕਦੇ ਹਨ। ਹਰ ਸਮੇਂ ਬਹੁਤ ਸਾਵਧਾਨ ਰਹੋ, ਸਥਾਨਕ ਮੀਡੀਆ ਉੱਤੇ ਨਜ਼ਰ ਰੱਖੋ ਅਤੇ ਸਥਾਨਕ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ।’’
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਵਿੱਚ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦਾ ਸੁਝਾਅ ਵੀ ਦਿੱਤਾ ਹੈ ਅਤੇ ਕਿਹਾ ਹੈ, ‘‘ਤੁਹਾਡੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹਨ। ਤੁਹਾਨੂੰ ਪਰਿਵਾਰਕ ਲੋੜਾਂ, ਇਲਾਕੇ ਦੀ ਜਾਣਕਾਰੀ ਅਤੇ ਹੋਰ ਗੱਲਾਂ ਦੇ ਆਧਾਰ ਉੱਤੇ ਇਸ ਦੇਸ਼, ਖ਼ੇਤਰ ਜਾਂ ਖ਼ੇਤਰ ਦੀ ਯਾਤਰਾ ਕਰਨ ਦੀ ਆਪਣੀ ਜ਼ਰੂਰਤ ਬਾਰੇ ਸੋਚਣਾ ਚਾਹੀਦਾ ਹੈ। ਜੇ ਤੁਸੀਂ ਪਹਿਲਾਂ ਤੋਂ ਉੱਥੇ ਹੋ ਤਾਂ ਸੋਚੋ ਕਿ ਕੀ ਤੁਹਾਨੂੰ ਅਸਲ ਵਿੱਚ ਉੱਥੇ ਰਹਿਣ ਦੀ ਲੋੜ ਹੈ। ਜੇ ਇਹ ਲੋੜ ਨਹੀਂ ਹੈ ਤਾਂ ਤੁਹਾਨੂੰ ਵਾਪਸ ਆਉਣ ਬਾਰੇ ਸੋਚਣਾ ਚਾਹੀਦਾ ਹੈ।’’
ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਵਿੱਚ ਅਸਾਮ ਅਤੇ ਮਣੀਪੁਰ ਸੂਬਿਆਂ ਤੋਂ ਕੇਂਦਰ ਸ਼ਾਸਿਤ ਸੂਬਿਆਂ ਜੰਮੂ-ਕਸ਼ਮੀਰ ਵਿੱਚ ਵੀ ਗ਼ੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਨੂੰ ਕਿਹਾ ਗਿਆ ਹੈ।
ਅਸਾਮ, ਮਣੀਪੁਰ, ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਐਵਡਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਖ਼ਾਸ ਤੌਰ ਉੱਤੇ ਇਹਨਾਂ ਇਲਾਕਿਆਂ ਵਿੱਚ ਅੱਤਵਾਦ ਦਾ ਖ਼ਤਰਾ ਹੈ।
ਐਡਵਾਇਜ਼ਰੀ ਵਿੱਚ ਨਕਸਲੀ (ਮਾਓਵਾਦੀਆਂ) ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ, ‘‘ਭਾਰਤ ਵਿੱਚ ਬਹੁਤੇ ਅੱਤਵਾਦੀ ਹਮਲਿਆਂ ਲਈ ਨਕਸਲੀ ਜ਼ਿੰਮੇਵਾਰ ਹਨ। ਭਾਰਤ ਸਰਕਾਰ ਮੁਤਾਬਕ ਇਹ ਸਮੂਹ ਆਮ ਤੌਰ ਉੱਤੇ ਦਿਹਾਤੀ ਅਤੇ ਜੰਗਲੀ ਖ਼ੇਤਰਾਂ ਵਿੱਚ ਸਥਿਤ ਹਨ। ਇਹਨਾਂ ਵਿੱਚ ਆਉਣ ਵਾਲੇ ਸੂਬੇ ਇਸ ਤਰ੍ਹਾਂ ਹਨ…’’
- ਆਂਧਰ ਪ੍ਰਦੇਸ਼
- ਬਿਹਾਰ
- ਛੱਤੀਸਗੜ੍ਹ
- ਝਾਰਖੰਡ
- ਮੱਧ ਪ੍ਰਦੇਸ਼
- ਮਹਾਰਾਸ਼ਟਰ
- ਓਡੀਸ਼ਾ
- ਤੇਲੰਗਾਨਾ
- ਉੱਤਰ ਪ੍ਰਦੇਸ਼
- ਪੱਛਮੀ ਬੰਗਾਲ
ਅਮਰੀਕਾ ਨੇ ਕੀ ਕਿਹਾ
ਇਸ ਪੂਰੇ ਮਾਮਲੇ ‘ਤੇ ਭਾਰਤ ‘ਚ ਅਮਰੀਕਾ ਦੇ ਰਾਜਦੂਤ ਏਰਿਕ ਗਾਰਸੇਟੀ ਨੇ ਕਿਹਾ ਹੈ ਕਿ ਅਮਰੀਕਾ, ਪ੍ਰਧਾਨ ਮੰਤਰੀ ਟਰੂਡੋ ਦੇ ਇਲਜ਼ਾਮਾਂ ਦੀ ਪੂਰੀ ਤਰ੍ਹਾਂ ਜਾਂਚ ਦਾ ਸਮਰਥਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੈਨੇਡੀਆਈ ਪੀਐਮ ਦੇ ਇਲਜ਼ਾਮ ‘ਪਰੇਸ਼ਾਨ ਕਰਨ ਵਾਲੇ’ ਹਨ। ਉਨ੍ਹਾਂ ਨੇ ਅੰਤਰ-ਰਾਸ਼ਟਰੀ ਕਾਨੂੰਨ, ਪ੍ਰਭੂਸੱਤਾ ਅਤੇ ਨਾਨ-ਇੰਟਰਫੇਅਰੇਂਸ ਦੇ ਸਿਧਾਂਤਾਂ ਦੇ ਮਹੱਤਵ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ, ”ਜ਼ਾਹਿਰ ਹੈ, ਇਸ ਤਰ੍ਹਾਂ ਦੇ ਕੋਈ ਵੀ ਇਲਜ਼ਾਮ ਚਿੰਤਾਜਨਕ ਹਨ। ਪਰ ਸਰਗਰਮ ਅਪਰਾਧਿਕ ਜਾਂਚ ਤੋਂ ਉਮੀਦ ਹੈ ਕਿ ਅਸੀਂ ਇਹ ਯਕੀਨੀ ਬਣਾ ਸਕਾਂਗੇ ਕਿ ਅਪਰਾਧੀਆਂ ਨੂੰ ਕਟਿਹਰੇ ‘ਚ ਲੈ ਕੇ ਆਂਦਾ ਜਾਵੇ।”
”ਕਿਸੇ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਜਾਂਚ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਨਾਲ ਹੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਸਭ ਤੋਂ ਮਹੱਤਵਪੂਰਨ ਸਿਧਾਂਤ ਹੈ।”
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਦੇ ਬੁਲਾਰੇ ਜੌਨ ਕਿਰਬੀ ਨੇ ਭਾਰਤ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਜਾਂਚ ‘ਚ ਸਹਿਯੋਗ ਦੇਵੇ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰਗਰਿਟ ਮੈਕਲਿਓਡ ਨੇ ਕਿਹਾ ਕਿ ਕੈਨੇਡਾ ਵੱਲੋਂ ਭਾਰਤ ‘ਤੇ ਲਗਾਏ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਮੀਦ ਹੈ ਕਿ ਭਾਰਤ ਇਸ ਵਿੱਚ ਸਹਿਯੋਗ ਕਰੇਗਾ।”
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ”ਸਭ ਤੋਂ ਮਹੱਤਵਪੂਰਨ ਹੈ ਕਿ ਮੁਲਜ਼ਮ ਨਿਆਂ ਦਾ ਸਾਹਮਣਾ ਕਰਨ।”
”ਅਸੀਂ ਕੈਨੇਡਾ ਅਤੇ ਭਾਰਤ ਦੋਵਾਂ ਦੀ ਗੱਲ ਸੁਣਾਂਗੇ। ਦੋਵੇਂ ਸਾਡੇ ਕਰੀਬੀ ਸਾਥੀ ਹਨ। ਹਰੇਕ ਦੇਸ਼ ਨਾਲ ਸਾਡੇ ਵੱਖਰੇ ਸਬੰਧ ਹਨ।”
ਹਰਦੀਪ ਸਿੰਘ ਨਿੱਝਰ ਕਤਲ ਦੀ ਜਾਂਚ ਮਾਮਲੇ ਵਿੱਚ ਅਮਰੀਕਾ ਵੱਲੋਂ ਕੈਨੇਡਾ ਨੂੰ ਸਹਿਯੋਗ ਦੇਣ ਦੀਆਂ ਖ਼ਬਰਾਂ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਮੈਂ ਇਨ੍ਹਾਂ ਖ਼ਬਰਾਂ ਬਾਰੇ ਨਹੀਂ ਜਾਣਦੀ ਪਰ ਅਮਰੀਕਾ, ਇੰਡੀਆ ਅਤੇ ਕੈਨੇਡਾ ਦੋਵਾਂ ਦੇਸ਼ਾਂ ਦਾ ਅਲੱਗ-ਅਲੱਗ ਮਾਮਲਿਆਂ ਦੀ ਜਾਂਚ ਵਿੱਚ ਸਹਿਯੋਗ ਕਰਦਾ ਹੈ।”
ਹਿੰਦੂ-ਸਿਖਾਂ ਨੂੰ ਵੰਡਣ ਦੀ ਕੋਸ਼ਿਸ਼ – ਕੈਨੇਡਾ ਦੇ ਸੰਸਦ ਮੈਂਬਰ
ਕੈਨੇਡਾ ਦੇ ਓਨਟਾਰੀਓ ਦੇ ਨੇਪੀਅਨ ਤੋਂ ਸੰਸਦ ਮੈਂਬਰ ਚੰਦਰ ਆਰਿਆ ਨੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਖਾਲਿਸਤਾਨ ਪੱਖੀ ਆਗੂ ਕੈਨੇਡਾ ਵਿੱਚ ਹਿੰਦੂਆਂ ਅਤੇ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਕ ਵੀਡੀਓ ਅਪੀਲ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ, “ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਖਾਲਿਸਤਾਨ ਅੰਦੋਲਨ ਦੇ ਆਗੂ ਅਤੇ ਕਥਿਤ ਰਾਇਸ਼ੁਮਾਰੀ ਕਰਵਾਉਣ ਵਾਲੇ ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਹਿੰਦੂ-ਕੈਨੇਡੀਅਨਾਂ ਲੋਕਾਂ ‘ਤੇ ਹਮਲਾ ਕੀਤਾ ਅਤੇ ਸਾਨੂੰ ਕੈਨੇਡਾ ਛੱਡਣ ਲਈ ਅਤੇ ਭਾਰਤ ਵਾਪਸ ਪਰਤਣ ਲਈ ਕਿਹਾ।
“ਮੈਂ ਬਹੁਤ ਸਾਰੇ ਹਿੰਦੂ ਕੈਨੇਡੀਅਨਾਂ ਤੋਂ ਸੁਣਿਆ ਹੈ ਕਿ ਉਹ ਇਸ ਟਾਰਗੇਟਿਡ ਹਮਲੇ ਤੋਂ ਬਾਅਦ ਡਰੇ ਹੋਏ ਹਨ। ਮੈਂ ਹਿੰਦੂ ਕੈਨੇਡੀਅਨਾਂ ਨੂੰ ਅਪੀਲ ਕਰਦਾ ਹਾਂ ਕਿ ਸ਼ਾਂਤ ਰਹਿਣ ਪਰ ਨਾਲ ਹੀ ਸਾਵਧਾਨ ਵੀ ਰਹਿਣ।
“ਕਿਸੇ ਵੀ ਤਰ੍ਹਾਂ ਦੀ ਹਿੰਦੂ ਫੋਬੀਆ ਦੀ ਘਟਨਾ ਦੀ ਜਾਣਕਾਰੀ ਆਪਣੀ ਨਜ਼ਦੀਕੀ ਕਾਨੂੰਨ ਵਿਵਸਥਾ ਲਾਗੂ ਕਰਨ ਵਾਲੀ ਏਜੰਸੀ ਨੂੰ ਕਰੋ।”
“ਖਾਲਿਸਤਾਨ ਪੱਖੀ ਆਗੂ ਕੈਨੇਡੀਅਨ ਹਿੰਦੂਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਕੈਨੇਡਾ ਵਿੱਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।”
”ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੈਨੇਡਾ ਦੇ ਜ਼ਿਆਦਾਤਰ ਸਿੱਖ ਭੈਣ-ਭਰਾ ਖਾਲਿਸਤਾਨ ਅੰਦੋਲਨ ਦਾ ਸਮਰਥਨ ਨਹੀਂ ਕਰਦੇ। ਬਹੁਤ ਸਾਰੇ ਸਿੱਖ ਖਾਲਿਸਤਾਨ ਲਹਿਰ ਦੀ ਖੁੱਲ੍ਹ ਕੇ ਨਿੰਦਾ ਨਹੀਂ ਕਰਨਗੇ, ਪਰ ਉਹ ਕੈਨੇਡੀਅਨ ਹਿੰਦੂ ਭਾਈਚਾਰੇ ਨਾਲ ਜੁੜੇ ਹੋਏ ਹਨ।”