ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਰਵਨੀਤ ਬਿੱਟੂ ਦੇ ਚਚੇਰੇ ਭਰਾ ਨੂੰ ਟਿਕਟ ਦੇਣ ਦੀ ਤਿਆਰੀ ਕਰ ਰਹੀ ਹੈ। ਕੁੱਝ ਦਿਨ ਪਹਿਲਾਂ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ ਤੇ ਉਨ੍ਹਾਂ ਦੇ ਉਮੀਦਵਾਰ ਬਣ ਗਏ ਹਨ। ਕਾਂਗਰਸ ਵਿਚਾਰ ਕਰ ਰਹੀ ਹੈ ਕਿ ਰਵਨੀਤ ਬਿੱਟੂ ਦੀ ਕਾਟ ਕਰਨ ਲਈ ਉਸ ਦੇ ਚਚੇਰੇ ਭਰਾ ਗੁਰਕੀਰਤ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਜਾਵੇ।
ਦੱਸ ਦਈਏ ਕਿ ਗੁਰਕੀਰਤ ਸਿੰਘ ਕੋਟਲੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚਚੇਰੇ ਭਰਾ ਵੀ ਹਨ। ਕੋਟਲੀ ਦੀ ਕਾਂਗਸਰ ਹਾਈਕਮਾਂਡ ’ਚ ਚੰਗੀ ਪਕੜ ਹੈ ਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਸੂਤਰਾਂ ਅਨੁਸਾਰ ਜੇਕਰ ਬੇਅੰਤ ਸਿੰਘ ਦੇ ਨਾਂ ’ਤੇ ਵੋਟਾਂ ਹਾਸਲ ਕਰਨ ਲਈ ਭਾਜਪਾ ਬਿੱਟੂ ਨੂੰ ਟਿਕਟ ਦੇ ਸਕਦੀ ਹੈ ਤਾਂ ਬੇਅੰਤ ਸਿੰਘ ਦੇ ਨਾਮ ’ਤੇ ਹੀ ਆਪਣਾ ਵੋਟ ਬੈਂਕ ਬਚਾਉਣ ਲਈ ਕਾਂਗਰਸ ਕੋਟਲੀ ’ਤੇ ਦਾਅ ਖੇਡਣ ਦੀ ਤਿਆਰੀ ’ਚ ਹੈ।
ਯਾਦ ਰਹੇ ਗੁਰਕੀਰਤ ਸਿੰਘ ਕੋਟਲੀ ਦੇ ਪਿਤਾ ਤੇਜ ਪ੍ਰਕਾਸ਼ ਸਿੰਘ ਕੋਟਲੀ ਪਾਇਲ ਤੋਂ ਵਿਧਾਇਕ ਰਹਿ ਚੁੱਕੇ ਹਨ। 2012 ’ਚ ਖੰਨਾ ਤੋਂ ਤੇ ਫਿਰ 2017 ’ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਇਕ ਕੋਟਲੀ ਦੀ ਜਿੱਤ ਹੋਈ ਸੀ। ਕੋਟਲੀ ਨੇ 1992 ’ਚ ਯੂਥ ਕਾਂਗਰਸ ਆਗੂ ਵਜੋਂ ਆਪਣਾ ਰਾਜਸੀ ਸਫ਼ਰ ਸ਼ੁਰੂ ਕੀਤਾ ਸੀ।