ਪੰਜਾਬ ਵਿੱਚ ਫਰਜ਼ੀ ਕੰਪਨੀ ਬਣਾ ਧੋਖਾਧੜੀ ਕਰਨ ਵਾਲੇ ਪੁਲਿਸ 8 ਵਿਅਕਤੀਆਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 200 ਕਰੋੜ ਦੀ ਲੋਕਾਂ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪੁਲਿਸ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਐੱਸ ਐੱਸ ਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਜੈਨਰੇਸ਼ਨ ਆਫ ਫਾਰਮਿੰਗ ਫਰਮ ਦੇ ਮਾਲਕਾਂ ਨੇ ਭੋਲੇ-ਭਾਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਫਰਮ ਵਿਚ ਪੈਸਾ ਲਗਾ ਕੇ ਉਨ੍ਹਾਂ ਨੂੰ ਪ੍ਰਤੀ ਮਹੀਨਾ ਅੱਠ ਫ਼ੀਸਦ ਦੀ ਦਰ ਨਾਲ ਕਿਸ਼ਤਾਂ ਵਜੋਂ ਵਿੱਚ ਪੈਸੇ ਮਿਲਣਗੇ। ਇਸ ਤਰ੍ਹਾਂ 25 ਮਹੀਨਿਆਂ ਵਿਚ ਨਿਵੇਸ਼ ਕੀਤੇ ਪੈਸੇ ਦੁੱਗਣੇ ਹੋ ਜਾਣਗੇ। ਮੁਲਜ਼ਮ ਲੋਕਾਂ ਨੂੰ ਇਹ ਦੱਸ ਕੇ ਗੁਮਰਾਹ ਕਰਦੇ ਸਨ ਕਿ ਉਨ੍ਹਾਂ ਦੀ ਫਰਮ ਆਰਗੈਨਿਕ ਉਤਪਾਦਾਂ ਦਾ ਕਾਰੋਬਾਰ ਕਰਦੀ ਹੈ ਜਿਨ੍ਹਾਂ ਦੀ ਵਿਕਰੀ ਕਰਕੇ ਕਾਫ਼ੀ ਮੁਨਾਫ਼ਾ ਕਮਾ ਰਹੀ ਹੈ। ਫਰਮ ਦੇ ਮਾਲਕਾਂ ਨੇ ਆਰਗੈਨਿਕ ਖੇਤੀ ਲਈ ਬਾਗ਼ ਲਗਾਉਣ ਅਤੇ 200 ਥੈਲੇ ਵਰਮੀਕੰਪੋਸਟ ਖਾਦ ਦੀ ਸਪਲਾਈ ਕਰਨ ਵਾਲੀਆਂ ਨਿਵੇਸ਼ ਯੋਜਨਾਵਾਂ ਨੂੰ 20 ਲੱਖ ਪ੍ਰਤੀ ਪ੍ਰਾਜੈਕਟ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਪਰ ਉਨ੍ਹਾਂ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਧੋਖਾਧੜੀ ਨਾਲ ਇਕੱਠੇ ਕੀਤੇ ਪੈਸਿਆਂ ਨਾਲ ਜ਼ਮੀਨਾਂ ਖ਼ਰੀਦ ਲਈਆਂ। ਇਨ੍ਹਾਂ ਜ਼ਮੀਨਾਂ ਵਿੱਚ ਪਲਾਟ ਕੱਟ ਕੇ ਮਹਿੰਗੇ ਭਾਅ ਵੇਚੇ ਅਤੇ ਤਿੰਨ ਗੁਣਾਂ ਪੈਸਾ ਕਮਾਇਆ।
ਇਸ ਕੰਪਨੀ ਨੇ 23,249 ਜਣਿਆਂ ਦੇ ਨਿਵੇਸ਼ ਰਾਹੀਂ ਲਗਪਗ 200 ਕਰੋੜ ਰੁਪਏ ਇਕੱਠੇ ਕੀਤੇ ਸਨ।ਇਹ ਮਾਮਲਾ ਸਾਹਮਣੇ ਆਉਣ ’ਤੇ ਖੰਨਾ ਪੁਲੀਸ ਦੇ ਐੱਸ ਪੀ (ਆਈ) ਪਵਨਜੀਤ, ਡੀ ਐੱਸ ਪੀ ਤਰਲੋਚਨ ਸਿੰਘ, ਡੀ ਐੱਸ ਪੀ ਮੋਹਿਤ ਸਿੰਗਲਾ, ਇੰਸਪੈਕਟਰ ਵਿਨੋਦ ਕੁਮਾਰ ਅਤੇ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਜੈਨਰੇਸ਼ਨ ਆਫ ਫਾਰਮਿੰਗ ਫਰਮ ਖ਼ਿਲਾਫ਼ ਕੇਸ ਦਰਜ ਕਰਕੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਵਾਸੀ ਖੀਰਨੀਆਂ, ਬਿਕਰਮਜੀਤ ਸਿੰਘ ਵਾਸੀ ਗਹਿਲੇਵਾਲ, ਹਰਪ੍ਰੀਤਿ ਸੰਘ ਵਾਸੀ ਗਹਿਲੇਵਾਲ, ਅਮਿਤ ਖੁੱਲਰ ਵਾਸੀ ਨਵਾਂ ਪੂਰਬਾ, ਜਤਿੰਦਰ ਸਿੰਘ ਉਰਫ ਮੈਥਿਊ ਵਾਸੀ ਖਮਾਣੋਂ ਕਮਲੀ, ਜਸਪ੍ਰੀਤ ਸਿੰਘ ਉਰਫ਼ ਜੱਸੀ ਪਿੰਡ ਜਲਣਪੁਰ, ਜਗਤਾਰ ਸਿੰਘ ਵਾਸੀ ਖੰਨਾ ਅਤੇ ਦੀਨ ਦਿਆਲ ਵਰਮਾ ਵਾਸੀ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਕੀ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਛਾਪਾ ਮਾਰ ਕੇ ਕੰਪਨੀ ਦਾ ਸਾਮਾਨ ਜ਼ਬਤ
ਤਫਤੀਸ਼ ਦੌਰਾਨ ਫਰਮ ਦੇ ਦਫ਼ਤਰ ਵਿਚੋਂ ਲੈਪਟਾਪ, ਸਕਰੀਨਾਂ, ਕੀ-ਬੋਰਡ, ਸੀਪੀਯੂ ਅਤੇ ਮੋਬਾਈਲ ਫੋਨ ਬਰਾਮਦ ਕੀਤੇ। ਇਸੇ ਤਰ੍ਹਾਂ ਫਰਮ ਦੀਆਂ ਹੋਰ 9 ਫਰਮਾਂ ਨੂੰ ਤਸਦੀਕ ਕਰਕੇ ਉਨ੍ਹਾਂ ਦਾ ਰਿਕਾਰਡ ਰਜਿਸਟਰਾਰ ਆਫ ਕੰਪਨੀਜ਼ ਪਾਸੋਂ ਹਾਸਲ ਕੀਤਾ ਗਿਆ। ਇਨ੍ਹਾਂ ਕੰਪਨੀਆਂ ਦੇ 21 ਖਾਤਿਆਂ ਅਤੇ ਮਾਲਕਾਂ ਦੇ 23 ਨਿੱਜੀ ਖਾਤਿਆਂ (ਕੁੱਲ 44 ਖਾਤਿਆਂ) ਨੂੰ ਫਰੀਜ਼ ਕਰਵਾਇਆ ਗਿਆ। ਐੱਸਐੱਸਪੀ ਅਨੁਸਾਰ ਰਿਮਾਂਡ ਦੌਰਾਨ ਬਿਕਰਮਜੀਤ ਸਿੰਘ ਵੱਲੋਂ ਦਿਖਾਏ ਬਾਗ਼ਾਂ ਦੀ ਦੇਖ-ਭਾਲ ਵੀ ਜ਼ਮੀਨ ਮਾਲਕਾਂ ਵੱਲੋਂ ਹੀ ਕੀਤੀ ਜਾਣੀ ਪਾਈ ਗਈ ਹੈ ਅਤੇ ਦੋਸ਼ੀਆਂ ਵੱਲੋਂ ਲੋਕਾਂ ਪਾਸੋਂ ਹਾਸਲ ਪੈਸਿਆ ਨਾਲ ਬਣਾਈ ਬੇਨਾਮੀ ਛੇ ਪ੍ਰਾਪਰਟੀਆਂ ਤਸਦੀਕ ਕਰਕੇ ਵੈਰੀਫਾਈ ਕਰਵਾਈਆਂ ਜਾ ਚੁੱਕੀਆਂ ਹਨ।