ਪੰਜਾਬ ਵਿੱਚ ਹੋਈਆਂ ਬੇਅਦਬੀਆਂ ਦੇ ਕੇਸਾਂ ਨੂੰ ਫਰੀਦਕੋਟ, ਮੋਗਾ, ਬਠਿੰਡਾ ਤੋਂ ਤਬਦੀਲ ਕਰਕੇ ਚੰਡੀਗੜ੍ਹ ਲਿਜਾਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਦੇ ਗੁਰਸੇਵਕ ਸਿੰਘ ਫੌਜੀ ਨੇ ਹਾਈਕੋਰਟ ਦੇ ਫੈਸਲੇ ਖਿਲਾਫ ਦਿੱਲੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ।ਜਿਸ ਵਿੱਚ ਸੀਨੀਅਰ ਵਕੀਲ ਐਚਐਸ ਫੂਲਕਾ ਰਹੀ ਪਟੀਸ਼ਨ ਪਈ ਸੀ। ਜਿਸ ਨੂੰ ਲੈਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਪੰਜਾਬ ਦੇ ਬੇਅਦਬੀ ਦੇ ਕੇਸ ਹੁਣ ਚੰਡੀਗੜ੍ਹ ਤਬਦੀਲ ਨਹੀਂ ਕੀਤੇ ਜਾਣਗੇ। ਸੁਪਰੀਮ ਕੋਰਟ ਨੇ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦਾ ਮਾਹੌਲ ਠੀਕ ਨਾ ਦੱਸਦੇ ਹੋਏ ਛੇ ਕੇਸ ਸੂਬੇ ਤੋਂ ਬਾਹਰ ਤਬਦੀਲ ਕਰ ਦਿੱਤੇ ਸਨ। ਇਸ ਨੂੰ ਚੁਣੌਤੀ ਦਿੰਦਿਆਂ ਗੁਰਸੇਵਕ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ।
ਐਡਵੋਕੇਟ ਐਚਐਸ ਫੂਲਕਾ ਨੇ ਦੱਸਿਆ ਕਿ ਸਰਕਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਨਹੀਂ ਕੀਤੀ ਸੀ। ਸਿਰਫ਼ ਇੱਕ ਸ਼ਿਕਾਇਤਕਰਤਾ ਨੇ ਪਹੁੰਚ ਕੀਤੀ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ। ਇਸ ਲਈ ਬੇਅਦਬੀ ਦੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ। ਕੁੱਲ ਛੇ ਕੇਸ ਪੰਜਾਬ ਤੋਂ ਤਬਦੀਲ ਕੀਤੇ ਗਏ, ਜੋ ਕਾਫ਼ੀ ਹੈਰਾਨੀਜਨਕ ਹੈ।
ਸ਼ਿਕਾਇਤਕਰਤਾ ਗੁਰਸੇਵਕ ਸਿੰਘ ਨੇ ਕਿਹਾ ਕਿ ਦੋਸ਼ੀ ਅਜੇ ਵੀ ਪੰਜਾਬ ਵਿੱਚ ਰਹਿੰਦੇ ਹਨ ਤੇ ਉੱਥੇ ਸਮਾਗਮ ਵੀ ਕਰਦੇ ਹਨ। ਹਾਲਾਂਕਿ, ਜਦੋਂ ਕੇਸ ਦੀ ਸੁਣਵਾਈ ਹੁੰਦੀ ਹੈ ਤਾਂ ਮਾਹੌਲ ਖਰਾਬ ਹੋ ਜਾਂਦਾ ਹੈ। ਸ਼ਿਕਾਇਤਕਰਤਾ ਨੂੰ ਸੁਣਵਾਈ ਲਈ ਚੰਡੀਗੜ੍ਹ ਜਾਣਾ ਪੈਂਦਾ ਹੈ। ਇਨ੍ਹਾਂ ਛੇ ਮਾਮਲਿਆਂ ਵਿੱਚ ਬਠਿੰਡਾ, ਫਰੀਦਕੋਟ ਤੇ ਮੋਗਾ ਦੇ ਕੇਸ ਸ਼ਾਮਲ ਹਨ। ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਅਜੇ ਪੰਜਾਬ ਦੇ ਬੇਅਦਬੀ ਦੇ ਕੇਸ ਹੁਣ ਚੰਡੀਗੜ੍ਹ ਤਬਦੀਲ ਨਹੀਂ ਕੀਤੇ ਜਾਣਗੇ।