ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਧਰਮਕੋਟ ਅਧੀਨ ਆਉਂਦੇ ਕਸਬਾ ਕੋਟ ਈਸੇ ਖਾਂ ਦੀ ਤਤਕਾਲੀ ਇੰਸਪੈਕਟਰ ਅਰਸ਼ਦੀਪ ਕੌਰ ਨੇ 9 ਮਹੀਨੇ ਭਗੌੜਾ ਰਹਿਣ ਤੋਂ ਬਾਅਦ ਆਖਰਕਾਰ ਅਦਾਲਤ ਵਿੱਚ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਹੈ। ਅਦਾਲਤ ਵੱਲੋਂ ਇੰਸਪੈਕਟਰ ਅਰਸ਼ਦੀਪ ਕੌਰ ਨੂੰ ਦੋ ਮਹੀਨੇ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ NDPS ਐਕਟ ਤੇ ਰਿਸ਼ਵਤਖੋਰੀ ਮਾਮਲੇ ਵਿਚ ਅਰਸ਼ਦੀਪ ਕੌਰ ਗਰੇਵਾਲ ਦਾ ਨਾਂ ਸੀ। ਉਨ੍ਹਾਂ ‘ਤੇ 5 ਲੱਖ ਦੀ ਰਿਸ਼ਵਤ ਲੈ ਕੇ ਡਰੱਗ ਤਸਕਰਾਂ ਨੂੰ ਛੱਡਣ ਦਾ ਵੀ ਦੋਸ਼ ਹੈ। ਅਕਤੂਬਰ 2024 ਵਿਚ ਪੁਲਿਸ ਟੀਮ ਨੇ ਕੋਟ ਈਸੇ ਖਾਂ ਵਿਚ ਇਕ ਡਰੱਗ ਤਸਕਰ ਤੇ ਉਸ ਦੇ 2 ਸਹਿਯੋਗੀਆਂ ਨੂੰ ਨਸ਼ੇ ਨਾਲ ਫੜਿਆ ਸੀ। FIR ਮੁਤਾਬਕ ਅਰਸ਼ਦੀਪ ਕੌਰ ਤੇ ਉਸ ਦੇ ਦੋ ਹੈੱਡ ਕਾਂਸਟੇਬਲ ਨੇ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਤਿੰਨੋਂ ਮੁਲਜ਼ਮਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਰਿਹਾਅ ਕਰ ਦਿੱਤਾ ਸੀ। ਜਾਂਚ ਵਿਚ ਦੋਸ਼ ਸਹੀ ਪਾਏ ਜਾਣਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ, ਦੋ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਅਰਸ਼ਦੀਪ ਕੌਰ ਫਰਾਰ ਸੀ। ਲਗਭਗ 9 ਮਹੀਨੇ ਤੱਕ ਪੁਲਿਸ ਤੇ ਕੋਰਟ ਦੀ ਪਹੁੰਚ ਤੋਂ ਦੂਰ ਰਹਿਣ ਦੇ ਬਾਅਦ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਚੁੱਪਚਾਪ ਕੋਰਟ ਵਿਚ ਸਰੰਡਰ ਕਰ ਦਿੱਤਾ। ਜਾਂਚ ਕੀਤੀ ਜਾ ਰਹੀ ਹੈ। ਸੁਣਵਾਈ ਹੋਵੇਗੀ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿਛ ਦੌਰਾਨ ਕੀ ਕੁਝ ਸਾਹਮਣੇ ਆਏਗਾ, ਇਹ ਸਭ ਕੁਝ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।