ਪੰਜਾਬ ਸਰਕਾਰ ਵੱਲੋਂ ਰੋਪੜ੍ਹ ਰੇਂਜ ਵਿੱਚ ਤਾਇਨਾਤ ਕੀਤੇ ਇਮਾਨਦਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਘਰ ਵਿੱਚੋਂ ਨੋਟਾਂ ਦੇ ਭਰੇ ਬੈਗ ਮਿਲੇ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਰਕਾਰ ਦੀ ਇਮਾਨਦਾਰੀ ਨੂੰ ਲੈਕੇ ਲੋਕਾਂ ਵੱਲੋਂ ਤੰਜ ਕਸੇ ਜਾ ਰਹੇ ਹੈ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਸੀਬੀਆਈ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਇੱਕ ਦਲਾਲ ਸਮੇਤ 8 ਲੱਖ ਰੁਪਏ ਦੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਡੀਆਈਜੀ ਹਰਚਰਨ ਸਿੰਘ ਭੁੱਲਰ ,ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ ਕਥਿਤ ਤੌਰ ‘ਤੇ ਵਾਰ-ਵਾਰ ਸੇਵਾ ਪਾਣੀ ਦੇ ਨਾਮ ‘ਤੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਵੀਰਵਾਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ ਸੀਬੀਆਈ ਟੀਮ ਨੇ ਜਾਲ ਵਿਛਾ ਕੇ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ।
ਸੀਬੀਆਈ ਦੀ ਟੀਮ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮੋਹਾਲੀ ਸਥਿਤ ਦਫ਼ਤਰ ਅਤੇ ਚੰਡੀਗੜ੍ਹ ਸਥਿਤ ਸੈਕਟਰ 40 ਸਥਿਤ ਘਰ ਦੀ ਤਲਾਸ਼ੀ ਲੈ ਰਹੀ ਹੈ, ਜਿੱਥੋਂ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 22 ਕੀਮਤੀ ਘੜੀਆਂ ,40 ਲਿਟਰ ਵਿਦੇਸ਼ੀ ਸ਼ਰਾਬ ,ਇਕ ਦੋਨਾਲੀ, 1 ਪਿਸਤੌਲ, 1 ਰਿਵਾਲਵਰ, 1 ਏਅਰਗਨ ਬਰਾਮਦ ਕੀਤਾ ਗਿਆ ਹੈ। ਇਸ ਦੇ ਇਲਾਵਾ 2 ਕੀਮਤੀ ਗੱਡੀਆਂ ਜਿਨ੍ਹਾਂ ‘ਚ Audi ਅਤੇ ਮਰਸੀਡੀਜ਼ ਸ਼ਾਮਿਲ ਹਨ। ਦਲਾਲ ਕੋਲੋਂ 21 ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਹਰਚਰਨ ਸਿੰਘ ਭੁੱਲਰ ਦੇ ਘਰ ਤੋਂ 5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ ,ਅਜੇ ਵੀ ਗਿਣਤੀ ਜਾਰੀ ਹੈ। ਇਹ ਨਕਦੀ 3 ਬੈਗਾਂ ਅਤੇ 1 ਬ੍ਰੀਫਕੇਸ ਵਿੱਚ ਪੈਕ ਕੀਤੀ ਗਈ ਸੀ। ਇਸ ਤੋਂ ਬਾਅਦ ਸੀਬੀਆਈ ਟੀਮ ਨੂੰ ਦੋ ਨੋਟ-ਗਿਣਤੀ ਮਸ਼ੀਨਾਂ ਬੁਲਾਉਣੀਆਂ ਪਈਆਂ। ਇਸ ਤੋਂ ਇਲਾਵਾ ਲਗਜ਼ਰੀ ਕਾਰਾਂ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। 15 ਜਾਇਦਾਦਾਂ ਦੀ ਵੀ ਪਛਾਣ ਕੀਤੀ ਗਈ ਹੈ। ਸੂਤਰਾਂ ਅਨੁਸਾਰ ਭੁੱਲਰ ਤੋਂ ਇਸ ਸਮੇਂ ਇੱਕ ਗੁਪਤ ਸਥਾਨ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਰਚਰਨ ਸਿੰਘ ਭੁੱਲਰ ਨੂੰ ਮੋਹਾਲੀ ਦੇ ਡੀਆਈਜੀ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਭੁੱਲਰ ਨੂੰ ਕੱਲ੍ਹ ਮੋਹਾਲੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ‘ਤੇ ਲਿਆ ਜਾਵੇਗਾ। ਸੀਬੀਆਈ ਸੂਤਰਾਂ ਅਨੁਸਾਰ ਸਕ੍ਰੈਪ ਡੀਲਰ ਨੇ ਸ਼ਿਕਾਇਤ ਵਿੱਚ ਡੀਆਈਜੀ ਭੁੱਲਰ ਤੋਂ ਇਲਾਵਾ ਕੁਝ ਹੋਰ ਅਧਿਕਾਰੀਆਂ ਦੇ ਨਾਮ ਦਿੱਤੇ ਹਨ, ਜਿਨ੍ਹਾਂ ਵਿਰੁੱਧ ਜਲਦੀ ਹੀ ਕਾਰਵਾਈ ਕੀਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਹਰਚਰਨ ਸਿੰਘ ਭੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ, ਉਨ੍ਹਾਂ ਦੇ ਪਿਤਾ ਮਹਿਲ ਸਿੰਘ ਭੁੱਲਰ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਹਨ। ਭੁੱਲਰ ਦੇ ਭਰਾ ਕੁਲਦੀਪ ਸਿੰਘ ਭੁੱਲਰ ਵੀ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਹਰਚਰਨ ਸਿੰਘ ਭੁੱਲਰ ਨੂੰ 27 ਨਵੰਬਰ 2024 ਨੂੰ ਰੋਪੜ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਸੀ।