ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਸਿਆਸਤ ਨਾਲ ਜੁੜੀ ਵੱਡੀ ਹਲਚਲ ਹੋਈ। ਸਵਰਗੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਆਪਣੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਮੱਖਣ ਬਰਾੜ ਨੇ ਆਪਣਾ ਅਸਤੀਫ਼ਾ ਸੋਸ਼ਲ ਮੀਡੀਆ ਰਾਹੀਂ ਜਾਰੀ ਕਰਦਿਆਂ ਕਿਹਾ ਕਿ ਉਹ ਇਹ ਫੈਸਲਾ ਭਰੇ ਮਨ ਨਾਲ ਲੈ ਰਹੇ ਹਨ।
ਅਸਤੀਫ਼ੇ ਦੇ ਨਾਲ ਹੀ ਮੱਖਣ ਬਰਾੜ ਨੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਅਤੇ ਕੁਝ ਆਗੂਆਂ ‘ਤੇ ਗੰਭੀਰ ਇਲਜ਼ਾਮ ਵੀ ਲਗਾਏ ਹਨ। ਉਨ੍ਹਾਂ ਨੇ ਖਾਸ ਤੌਰ ‘ਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ ਦਾ ਨਾਮ ਲੈਂਦਿਆਂ ਦੋਸ਼ ਲਗਾਇਆ ਕਿ ਇਹ ਲੋਕ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ।
ਮੱਖਣ ਬਰਾੜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਨਾਮ ‘ਤੇ ਕੌਮ ਨੂੰ ਭਾਵੁਕ ਕਰਕੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ, ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਰੂਪ ਵਿੱਚ ਅੱਗੇ ਲਿਆਂਦਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸਮੇਂ ਦੇ ਨਾਲ ਉਹਨਾਂ ਨੂੰ ਪਤਾ ਲੱਗਿਆ ਕਿ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਪਰਦੇ ਦੇ ਪਿੱਛੇ ਕਈ ਗੱਲਾਂ ਚੱਲ ਰਹੀਆਂ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਤਾਕਤਾਂ ਵੱਲੋਂ ਪੰਥਕ ਜਥੇਬੰਦੀ ਨੂੰ ਕਮਜ਼ੋਰ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਗਿਆ ਅਤੇ ਇਸ ਵਿੱਚ ਕੇਂਦਰੀ ਏਜੰਸੀਆਂ ਦੇ ਨਾਲ ਨਾਲ ਪੰਜਾਬ ਦੀ ਮੌਜੂਦਾ ਸਰਕਾਰ ਦੀ ਭੂਮਿਕਾ ਵੀ ਰਹੀ। ਮੱਖਣ ਬਰਾੜ ਦੇ ਮੁਤਾਬਕ, ਮਨਪ੍ਰੀਤ ਇਆਲੀ ਨੇ ਉਨ੍ਹਾਂ ਨੂੰ ਇਸ ਦਲ ਨਾਲ ਜੋੜਨ ਵਿੱਚ ਭੂਮਿਕਾ ਨਿਭਾਈ, ਪਰ ਜਦ ਵੀ ਪੰਥ ਜਾਂ ਪੰਜਾਬ ਦੇ ਹਿੱਤ ਦੀ ਗੱਲ ਆਈ, ਉਹ ਚੁੱਪ ਰਹਿੰਦੇ ਸਨ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਮਨਪ੍ਰੀਤ ਇਆਲੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕਰਦੇ ਹਨ, ਪਰ ਸਰਕਾਰਾਂ ਦੇ ਖਿਲਾਫ ਨਹੀਂ ਬੋਲਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਇਆਲੀ ਦੇ ਵਪਾਰਕ ਹਿੱਤ ਅਤੇ ਸਰਕਾਰ ਨਾਲ ਸੰਬੰਧ ਇਸਦੇ ਪਿੱਛੇ ਕਾਰਨ ਹੋ ਸਕਦੇ ਹਨ।
ਗਿਆਨੀ ਹਰਪ੍ਰੀਤ ਸਿੰਘ ਬਾਰੇ ਮੱਖਣ ਬਰਾੜ ਨੇ ਕਿਹਾ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਵਰਤੋਂ ਕਰਦੇ ਹੋਏ ਪੰਥਕ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਉਹੀ ਕਰਦੇ ਹਨ ਜੋ ਉਨ੍ਹਾਂ ਨੂੰ ਦਿੱਲੀ ਤੋਂ ਸੰਕੇਤ ਮਿਲਦਾ ਹੈ।
ਮੱਖਣ ਬਰਾੜ ਨੇ ਮੰਨਿਆ ਕਿ ਉਹ ਖੁਦ ਵੀ ਇਸ ਪਾਰਟੀ ਦਾ ਹਿੱਸਾ ਬਣ ਕੇ ਗਲਤੀ ਕਰ ਬੈਠੇ ਅਤੇ ਹੁਣ ਉਹਨਾਂ ਦੀ ਜ਼ਮੀਰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਉਹ ਹੋਰ ਚੁੱਪ ਰਹਿਣ। ਇਸ ਲਈ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਥ ਦੇ ਸਾਹਮਣੇ ਸੱਚ ਰੱਖਣ ਦੀ ਗੱਲ ਕਹੀ ਹੈ।
PUNJAB




INDIA








WORLD










