ਪੰਜਾਬ ਵਿੱਚ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਸਿਆਸੀ ਰੈਲੀਆਂ ਕਰ ਰਹੇ ਹਨ। ਸੁਖਬੀਰ ਉਨ੍ਹਾਂ ਰੈਲੀਆਂ ਵਿੱਚ ਵਿਰੋਧੀਆਂ ਨੂੰ ਲੰਮੇ ਹੱਥੀਂ ਲੈ ਰਹੇ ਹੈ। ਉਸ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਤਲਬ ਕਰਨ ਨੂੰ ਲੈਕੇ ਸਾਜਿਸ਼ ਕਰਾਰ ਦਿੱਤਾ ਸੀ। ਉਸ ਤੋਂ ਬਾਅਦ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਦੇ ਬਿਆਨ ਨੂੰ ਲੈਕੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਖੁੱਲ੍ਹਾ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਉਹ ਕਹਿੰਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਿਆ ਗਿਆ ਫੈਸਲਾ ਕਿਸੇ ਸਾਜ਼ਿਸ਼ ਤਹਿਤ ਸੀ, ਤਾਂ ਉਹ ਇਸ ਨੂੰ ਸਾਬਤ ਕਰਕੇ ਵਿਖਾਉਣ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹਾਜ਼ਰ ਹੋਣ ਅਤੇ ਆਪਣੇ ਦਾਅਵੇ ਦੇ ਪੱਖ ਵਿੱਚ ਪੂਰੇ ਸਬੂਤ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਬੂਤ ਸਾਬਤ ਹੋ ਜਾਂਦੇ ਹਨ ਤਾਂ ਪੰਥ ਜੋ ਵੀ ਫੈਸਲਾ ਕਰੇਗਾ, ਉਹ ਮਨਜ਼ੂਰ ਹੋਵੇਗਾ।
ਉਨ੍ਹਾਂ ਸੁਖਬੀਰ ਬਾਦਲ ਦੇ ਬਿਆਨ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਸਿੱਖ ਮਰਯਾਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਨੂੰ ਸਿੱਧੀ ਸੱਟ ਪਹੁੰਚਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਗਏ ਫੈਸਲੇ ਗੁਰਮਤ ਮਰਯਾਦਾ ਅਤੇ ਪੰਥਕ ਭਾਵਨਾਵਾਂ ਅਨੁਸਾਰ ਹੁੰਦੇ ਹਨ, ਨਾ ਕਿ ਕਿਸੇ ਸਾਜ਼ਿਸ਼ ਤਹਿਤ।
ਗਿਆਨੀ ਰਘਬੀਰ ਸਿੰਘ ਨੇ ਇਹ ਵੀ ਯਾਦ ਦਿਵਾਇਆ ਕਿ ਸੁਖਬੀਰ ਬਾਦਲ ਨੇ ਖੁਦ ਮਾਈਕ ਹੱਥ ਵਿੱਚ ਫੜ ਕੇ ਆਪਣੇ ਗੁਨਾਹ ਕਬੂਲ ਕੀਤੇ ਸਨ, ਜਿਸ ਦੇ ਆਧਾਰ ‘ਤੇ ਹੀ ਅਗਲੇ ਕਦਮ ਚੁੱਕੇ ਗਏ ਸਨ।
ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਨਾ ਸਿਰਫ਼ ਪੰਥਕ ਏਕਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਧਾਰਮਿਕ ਸੰਸਥਾਵਾਂ ‘ਤੇ ਵੀ ਅਸਰ ਪਾਉਂਦੇ ਹਨ। ਇਸ ਲਈ ਸੁਖਬੀਰ ਬਾਦਲ ਨੂੰ ਆਪਣੇ ਦਾਅਵਿਆਂ ਬਾਰੇ ਸਪੱਸ਼ਟਤਾ ਦੇਣੀ ਚਾਹੀਦੀ ਹੈ ਅਤੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।
ਇਸ ਮਾਮਲੇ ਨੇ ਸਿਆਸੀ ਅਤੇ ਧਾਰਮਿਕ ਮੰਚਾਂ ‘ਤੇ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ‘ਤੇ ਹੋਰ ਪ੍ਰਤੀਕਰਮ ਸਾਹਮਣੇ ਆ ਸਕਦੇ ਹਨ।
PUNJAB




INDIA








WORLD










