ਪੰਜਾਬ ਦੇ ਬਟਾਲਾ ਵਿੱਚ ਪੈਂਦੇ ਥਾਣਾ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਸੈਰੋਵਾਲ ਵਿਖੇ ਇਨਸਾਫ ਦੀ ਮੰਗ ਕਰਦਿਆਂ ਪਿਓ-ਪੁੱਤ ਹਾਈ ਬਿਜਲੀ ਟਾਵਰ ‘ਤੇ ਚੜ੍ਹ ਗਏ। ਦੋਵਾਂ ਨੇ ਦੋਸ਼ ਲਗਾਇਆ ਕਿ ਬਟਾਲਾ ਪੁਲਿਸ ਉਨ੍ਹਾਂ ਦੇ ਸਕੂਲ ਪੜ੍ਹਦੇ ਪੁੱਤਰ ਨੂੰ ਘਰੋਂ ਚੁੱਕ ਕੇ ਲੈ ਗਈ ਹੈ ਅਤੇ ਉਨ੍ਹਾਂ ‘ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ।
ਟਾਵਰ ‘ਤੇ ਚੜ੍ਹੇ ਹਰਦੇਵ ਸਿੰਘ ਉਰਫ ਹੀਰਾ ਸਿੰਘ ਅਤੇ ਉਸਦਾ ਪੁੱਤਰ ਹਰਮਨ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਇਕ ਹੋਰ ਪੁੱਤਰ ਦਾ ਸਕੂਲ ਦੇ ਬਾਹਰ ਕਤਲ ਹੋ ਗਿਆ ਸੀ। ਇਸ ਮਾਮਲੇ ਵਿੱਚ ਉਹ ਗਵਾਹ ਹਨ ਅਤੇ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਗਵਾਹੀ ਨਾ ਦੇਣ।
ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਜਦੋਂ ਉਹ ਬਟਾਲਾ ਵਿੱਚ ਗਵਾਹੀ ਦੇਣ ਗਏ ਸਨ, ਤਾਂ ਉਨ੍ਹਾਂ ਨਾਲ ਝਗੜਾ ਅਤੇ ਕੁੱਟਮਾਰ ਕੀਤੀ ਗਈ। ਪਰ ਉਲਟਾ ਪੁਲਿਸ ਵੱਲੋਂ ਉਨ੍ਹਾਂ ‘ਤੇ ਹੀ ਮਾਮਲਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਹੈ।
ਹਰਦੇਵ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਰਿਹਾਈ ਅਤੇ ਝੂਠੇ ਕੇਸ ਨੂੰ ਰੱਦ ਕਰਵਾਉਣ ਦੀ ਮੰਗ ਲਈ ਟਾਵਰ ‘ਤੇ ਚੜ੍ਹੇ ਹਨ ਅਤੇ ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਹੇਠਾਂ ਨਹੀਂ ਉਤਰਣਗੇ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਮੁਖੀ ਘੁਮਾਣ ਹਰਜਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਟਾਲਾ ਥਾਣੇ ਨਾਲ ਸੰਬੰਧਿਤ ਹੈ ਅਤੇ ਇਸ ਵਿੱਚ ਕੁਝ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।
ਇਸ ਦੌਰਾਨ ਪੁਲਿਸ ਅਤੇ ਸਥਾਨਕ ਪ੍ਰਬੰਧਕਾਂ ਵੱਲੋਂ ਪਿਓ-ਪੁੱਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਉਹ ਟਾਵਰ ਤੋਂ ਹੇਠਾਂ ਉਤਰ ਕੇ ਕਾਨੂੰਨੀ ਤਰੀਕੇ ਨਾਲ ਆਪਣੀ ਗੱਲ ਰੱਖਣ।
ਮੌਕੇ ‘ਤੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਕਿਵੇਂ ਸੁਲਝਾਉਂਦਾ ਹੈ।
PUNJAB




INDIA








WORLD










