ਪੰਜਾਬ ਵਿੱਚ ਲਗਾਤਾਰ ਪੁਲਿਸ ਇਸ ਕਰਕੇ ਸੁਵਾਲਾ ਦੇ ਘੇਰੇ ਅੰਦਰ ਰਹਿੰਦੀ ਹੈ। ਕਿਉਂਕਿ ਪੁਲਿਸ ਵੱਲੋਂ ਕਈ ਵਾਰ ਫੇਕ ਕੇਸ ਬਣਾ ਲੋਕਾਂ ਤੇ ਕਾਰਵਾਈ ਕਰ ਦਿੱਤੀ ਜਾਂਦੀ ਹੈ। ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ ਸ਼ਾਹਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਸ਼ਾਹਕੋਟ ਦੇ ਪੁਲਿਸ ਇੰਸਪੈਕਟਰ ਸਣੇ ਤਿੰਨ ਹੋਰ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ । ਜਾਣਕਾਰੀ ਅਨੁਸਾਰ 9 ਅਪ੍ਰੈਲ ਨੂੰ ਥਾਣਾ ਸ਼ਾਹਕੋਟ ਵਿਖੇ ਅਕਰਮ ਨਾਂ ਦੇ ਵਿਅਕਤੀ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕਦਮਾ ਨੰਬਰ 90 ਦਰਜ ਕੀਤਾ ਗਿਆ ਸੀ, ਜਿਸ ‘ਚ ਉਸ ਦੇ ਘਰੋਂ 35 ਲੀਟਰ ਲਾਹਣ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਹੋ ਗਈ, ਜਿਸ ‘ਚ ਪੁਲਿਸ ਮੁਲਾਜ਼ਮ ਖ਼ੁਦ ਹੀ ਇਕ ਡਰੰਮ (ਕੰਟੇਨਰ) ਗੱਡੀ ‘ਚੋਂ ਕੱਢ ਕੇ ਦੋਸ਼ੀ ਦੇ ਘਰ ਦੇ ਅੰਦਰ ਲੈ ਕੇ ਜਾਂਦੇ ਵਿਖਾਈ ਦੇ ਰਹੇ ਹਨ ਅਤੇ ਬਾਅਦ ‘ਚ ਉਹੀ ਡਰੰਮ ਬਾਹਰ ਲਿਆਂਦਾ ਜਾਂਦਾ ਹੈ।
ਪੁਲਿਸ ਦਾ ਬਿਆਨ ਨਿਕਲਿਆ ਝੂਠਾ
ਪੁਲਿਸ ਅਧਿਕਾਰੀਆਂ ਅਨੁਸਾਰ ਮੁੱਢਲੀ ਪੁੱਛਗਿੱਛ ‘ਚ ਮੁਲਾਜ਼ਮਾਂ ਨੇ ਦੱਸਿਆ ਕਿ ਲਾਹਣ ਦੀ ਰਿਕਵਰੀ ਲਈ ਕੰਟੇਨਰਾਂ ਦਾ ਪ੍ਰਬੰਧ ਬਾਹਰੋਂ ਕਰਨਾ ਪੈਂਦਾ ਹੈ ਅਤੇ ਇਹ ਡਰਮ ਰਿਕਵਰੀ ਵਾਸਤੇ ਹੀ ਅੰਦਰ ਲਿਜਾਇਆ ਗਿਆ ਸੀ। ਸੀ. ਸੀ. ਟੀ. ਵੀ. ਫੁਟੇਜ ਨੇ ਪੁਲਿਸ ਦੇ ਇਸ ਬਿਆਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ। ਫੁਟੇਜ ‘ਚ ਇਕ ਪੁਲਸ ਟੀਮ ਨੂੰ ਸਿਲਵਰ ਈਕੋਸਪੋਰਟ ਕਾਰ ‘ਚ ਨੀਲੇ ਰੰਗ ਦਾ ਡਰੰਮ ਲਿਆਉਂਦੇ ਹੋਏ ਵਿਖਾਇਆ ਗਿਆ ਹੈ। ਡਰੰਮ ਖਾਲੀ ਨਹੀਂ ਸੀ, ਕਿਉਂਕਿ ਇਸ ਨੂੰ ਦੋ ਲੋਕ ਲਿਜਾ ਰਹੇ ਸਨ। ਕੁੱਲ੍ਹ ਸੱਤ ਪੁਲਸ ਅਧਿਕਾਰੀ ਕੈਮਰੇ ਵਿੱਚ ਕੈਦ ਹੋ ਗਏ, ਚਾਰ ਵਰਦੀ ‘ਚ ਅਤੇ ਤਿੰਨ ਸਾਦੇ ਕੱਪੜਿਆਂ ਵਿੱਚ। ਸਿਰਫ਼ 13 ਮਿੰਟਾਂ ‘ਚ ਲਾਹਣ ਦੀ ਬਰਾਮਦਗੀ ਵਿਖਾ ਕੇ ਇਕ ਵੀਡੀਓ ਰਿਕਾਰਡ ਕੀਤੀ ਗਈ ਅਤੇ ਡਰੰਮ ਨੂੰ ਸੀਲ ਕਰਕੇ ਲਿਜਾਇਆ ਗਿਆ।
ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਸ ਵੇਲੇ ਕਾਰਵਾਈ ਕੀਤੀ ਗਈ ਮੁਲਜ਼ਮ ਅਕਰਮ ਉਸ ਵੇਲੇ ਘਰ ਵਿਚ ਮੌਜੂਦ ਨਹੀਂ ਸੀ। ਸਵਾਲ ਇਹ ਵੀ ਉੱਠਦਾ ਹੈ ਜਦ ਪੂਰੇ 13 ਮਿੰਟ ਦੇ ਆਪ੍ਰੇਸ਼ਨ ਦੌਰਾਨ ਕੰਡਾ ਨਹੀਂ ਸੀ ਤਾਂ ਪੁਲਿਸ ਨੂੰ ਕਿਵੇਂ ਪਤਾ ਲੱਗਾ ਕਿ ਡਰੰਮ ਵਿਚ 35 ਲੀਟਰ ਸ਼ਰਾਬ ਸੀ? ਹਾਲਾਂਕਿ ਵੀਡੀਓ ਵਾਇਰਲ ਹੋਣ ਨਾਲ ਪੁਲਸ ਦੇ ਅਕਸ ਨੂੰ ਪਹੁੰਚੇ ਨੁਕਸਾਨ ਨੂੰ ਵੇਖਦੇ ਹੋਏ ਇਸ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਮੁਲਾਜ਼ਮਾਂ ‘ਤੇ ਕਾਰਵਾਈ ਅਤੇ ਉੱਚ ਪੱਧਰੀ ਜਾਂਚ
ਇਸ ਮਾਮਲੇ ‘ਚ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ, ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਜ਼ਿੰਮੇਵਾਰੀ ਐਸ.ਪੀ. ਇਨਵੈਸਟੀਗੇਸ਼ਨ ਵਨੀਤ ਲਾਹਾਵਤ (IPS) ਨੂੰ ਸੌਂਪੀ ਗਈ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਮੁਤਾਬਕ ਅਕਰਮ ਇੱਕ ਮਜ਼ਦੂਰ ਅਤੇ ਇਕ ਰਾਜਨੀਤਿਕ ਕਾਰਕੁਨ ਹੈ। ਉਸ ਦੇ ਖ਼ਿਲਾਫ਼ ਦੋ ਮਾਮਲੇ ਦਰਜ ਸਨ, ਇਕ ਹਮਲੇ ਲਈ ਅਤੇ ਦੂਜਾ ਧਾਰਮਿਕ ਭਾਵਨਾਵਾਂ ਨਾਲ ਸਬੰਧਤ ਮਾਮਲਾ ਦਰਜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਤਾ ਨਹੀਂ ਹੈ ਕਿ ਪੁਲਸ ਉਸ ਨੂੰ ਕਿਉਂ ਫਸਾਉਣਾ ਚਾਹੁੰਦੀ ਸੀ। ਇਸ ਮਾਮਲੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਛਿੜ ਗਈ ਹੈ।
PUNJAB




INDIA








WORLD










