ਰੋਹਤਕ : ਬਲਾਤਕਾਰ ਤੇ ਹੱਤਿਆ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ 21 ਦਿਨ ਦੀ ਐਮਰਜੈਂਸੀ ਪੈਰੋਲ ਮੰਗੀ ਹੈ। ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੇਣ ਲਈ ਪੁਲਿਸ ਤੋਂ ਐੱਨਓਸੀ ਮੰਗੀ ਹੈ ਤਾਂ ਜੋ ਉਸ ਨੂੰ ਪੈਰੋਲ ਦੇਣ ’ਚ ਕੋਈ ਮੁਸ਼ਕਲ ਨਾ ਆਵੇ।
ਇਸ ਸਬੰਧ ਵਿੱਚ ਉਸ ਨੇ ਜੇਲ੍ਹ ਮੁਖੀ ਨੂੰ ਅਰਜ਼ੀ ਦਿੱਤੀ ਹੈ ,ਜਿਸ ਵਿਚ ਆਪਣੀ ਮਾਂ ਦੀ ਹਾਲਤ ਗੰਭੀਰ ਹੋਣ ਬਾਰੇ ਦੱਸਿਆ ਹੈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਿਰਸਾ ਤੇ ਰੋਹਤਕ ਦੇ ਪੁਲੀਸ ਮੁਖੀ ਤੋਂ ਰਿਪੋਰਟ ਮੰਗ ਲਈ ਹੈ। ਪੁਲਿਸ ਪ੍ਰਸ਼ਾਸਨ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਫ਼ੈਸਲਾ ਲਵੇਗਾ।
ਇਸ ਸਬੰਧੀ ਪੁਲਿਸ ਨੂੰ ਕਿਹਾ ਗਿਆ ਹੈ ਕਿ ਉਹ ਗੁਰਮੀਤ ਰਾਮ ਰਹੀਮ ਦੀ ਮਾਂ ਦੀ ਬਿਮਾਰੀ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰ ਕੇ ਰਿਪੋਰਟ ਦੇਣ। ਇਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਪੈਰੋਲ ਦੀ ਅਰਜ਼ੀ ਭੇਜੀ ਜਾਵੇਗੀ। ਸਿਰਸਾ ਤੇ ਰੋਹਤਕ ਪੁਲਿਸ ਅਧਿਕਾਰੀ ਜੇਲ੍ਹ ਪ੍ਰਸ਼ਾਸਨ ਦੀ ਕਾਨੂੰਨ ਵਿਵਸਥਾ ਨੂੰ ਖ਼ਤਰਾ ਦਿਖਾਈ ਨਾ ਦਿੱਤਾ ਤਾਂ ਪੈਰੋਲ ਮਨਜ਼ੂਰ ਹੋ ਜਾਵੇਗੀ।
ਇਸ ਦੇ ਉਲਟ ਜੇਕਰ ਉਸ ਦੇ ਬਾਹਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਵਿਗਡ਼ਨ ਦੀ ਸੰਭਾਵਨਾ ਦਿਖੀ ਤਾਂ ਪਹਿਲਾਂ ਵਾਂਗ ਹੀ ਪੈਰੋਲ ਦੀ ਅਰਜ਼ੀ ਖਾਰਜ ਹੋ ਜਾਵੇਗੀ। ਗੁਰਮੀਤ ਰਾਮ ਰਹੀਮ ਇਸ ਤੋਂ ਪਹਿਲਾਂ ਪਰਿਵਾਰ ’ਚ ਵਿਆਹ, ਬਿਮਾਰ ਮਾਂ ਦੀ ਦੇਖਭਾਲ, ਖੇਤੀ ਕਰਨ ਲਈ ਪੈਰੋਲ ਮੰਗ ਚੁੱਕਿਆ ਹੈ ਪਰ ਜੇਲ੍ਹ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਮਿਲੀ।