ਚੇਨਈ, 20 ਮਈ (ਪ.ਪ.) : ਸਿੱਖ ਚੜ੍ਹਦੀਕਲਾ ਦੀ ਪਹਿਚਾਣ ਹਨ ਤੇ ਇਸ ਵਾਕਿਆ ਨੂੰ ਵਾਰ-ਵਾਰ ਸਿੱਖ ਭਾਈਚਾਰਾ ਸੱਚਾ ਸਾਬਿਤ ਕਰਦਾ ਆ ਰਿਹਾ ਹੈ। ਗੱਲ ਚਾਹੇ ਬਾਰਡਰਾਂ ਤੇ ਡੱਟਕੇ ਦੇਸ਼ ਦੀ ਸੁਰੱਖਿਆ ਦੀ ਹੋਵੇ ਚਾਹੇ ਦੇਸ਼ ਵਿੱਚ ਕੋਰੋਨਾ ਤੋਂ ਪੀੜ੍ਹਤ ਮਰੀਜਾਂ ਲਈ ਕੀਤੇ ਜਾਂਦੇ ਪ੍ਰਬੰਧਾਂ ਦੀ, ਸਿੱਖ ਭਾਈਚਾਰੇ ਹਰੇਕ ਖੇਤਰ ਵਿੱਚ ਮੋਹਰੀ ਦਿਖਾਈ ਦਿੰਦਾ ਹੈ । ਅਜਿਹਾ ਹੀ ਕੰਮ ਚੇਨਈ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਕੀਤਾ ਹੈ । ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਸੰਗ ਸਭਾ (ਮਦਰਾਸ) ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਅਤੇ ਸਮੂਹ ਮੈਂਬਰਾਂ ਨੇ ਦੇਸ਼ ਵਿੱਚ ਚਲ੍ਹ ਰਹੇ ਕੋਰੋਨਾ ਸੰਕਟ ਵਿੱਚ ਆਪਣਾ ਸਹਿਯੋਗ ਦਿੰਦਿਆਂ ਚੇਨਈ ਦੇ ਕਮਿਸ਼ਨਰ ਗਗਨਦੀਪ ਸਿੰਘ ਬੇਦੀ ਨੂੰ 1000 ਔਕਸੀਮੀਟਰ ਕੋਰੋਨਾ ਮਰੀਜਾਂ ਦੀ ਸਹੂਲਤ ਲਈ ਦਾਨ ਕੀਤਾ। ਸਿੱਖ ਭਾਈਚਾਰੇ ਨੇ ਜਿੱਥੇ ਇਸ ਮਾੜੀ ਘੜ੍ਹੀ ਵਿੱਚ ਸਮੁੱਚੀ ਮਨੁੱਖਤਾ ਦੇ ਭਲੇ ਲਈ ਦਾਨ ਪੁੰਨ ਕੀਤਾ ਉਥੇ ਹੀ ਵਿਸ਼ਵਾਸ਼ ਦਿਵਾਇਆ ਕਿ ਸਿੱਖ ਭਾਈਚਾਰਾ ਹਮੇਸ਼ਾ ਮਾੜੇ ਸਮੇਂ ਵਿੱਚ ਮੋਹਰੀ ਹੋਕੇ ਨਿੱਤਰਦਾ ਰਹੇਗਾ । ਇਸ ਮੌਕੇ ਚੇਨਈ ਦੇ ਨਿਵਾਸੀ, ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਵੱਡੀ ਗਿਣਤੀ ਵਿੱਚ ਹਾਜ਼ਿਰ ਸੀ।