ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਹਰ ਰੋਜ਼ ਸਮੀਕਰਣ ਬਦਲ ਰਹੇ ਹਨ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਬੀਜੇਪੀ ਵੀ ਆਪਣੀ ਰਣਨੀਤੀ ਘੜ ਰਹੀ ਹੈ । ਅੱਜ ਪੰਜਾਬ ਬੀਜੇਪੀ ਦੇ ਇੰਚਾਰਜ਼ ਦੁਸ਼ਿਅੰਤ ਗੌਤਮ ਨੇ ਅਕਾਲੀ ਦਲ ਨਾਲ ਗੱਠਜੋੜ ਦੀਆਂ ਖਬਰਾਂ ਸਬੰਧੀ ਜਵਾਬ ਦਿੰਦਿਆਂ ਆਖਿਆ ਜਦੋਂ ਉਨ੍ਹਾਂ ਦਾ ਪੰਜਾਬ ਵਿੱਚ ਗਠਜੋੜ ਸੀ ਉਦੋਂ ਅਕਾਲੀ ਦਲ ਵੱਡੇ ਭਰਾ ਦਾ ਰੋਲ ਅਦਾ ਕਰਦਾ ਸੀ ਪਰ ਜਦੋਂ ਬੀਜੇਪੀ ਸਰਕਾਰ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ ਉਸ ਟਾਈਮ ਅਕਾਲੀ ਦਲ ਨੇ ਖੂਬ ਪ੍ਰਸਾਂਸਾ ਕੀਤੀ ਸੀ । ਫੇਰ ਅਕਾਲੀ ਦਲ ਨੇ ਮਾਮੂਲੀ ਲਾਲਸਾ ਵਿੱਚ ਆ ਕੇ ਪੰਜਾਬ ਨੂੰ ਅੱਗ ਵਿਚ ਧੱਕਣ ਦਾ ਕੰਮ ਕੀਤਾ ।
ਅਕਾਲੀ ਦਲ ਨਾਲ ਮੁੜ ਗੱਠਜੋੜ ਦੇ ਸਵਾਲ ਉੱਪਰ ਦੁਸ਼ਿਅੰਤ ਗੌਤਮ ਨੇ ਕਿਹਾ ਕਿ ਇਸ ‘ਤੇ ਸਾਨੂੰ ਮੁੜ ਵਿਚਾਰ ਕਰਨਾ ਹੋਵੇਗਾ ਕਿ ਕਿਸ ਨੂੰ ਲੈਣਾ ਚਾਹੀਦਾ ਹੈ ਜਾਂ ਕਿਸ ਨੂੰ ਨਹੀਂ ਲੈਣਾ ਚਾਹੀਦਾ। ਇਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੈਅ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਜੇ ਅਕਾਲੀ ਦਲ ਆਵੇਗਾ ਤਾਂ ਪਹਿਲਾਂ ਉਸ ਨੂੰ ਪ੍ਰਮਾਣ ਪੱਤਰ ਦੇਣਾ ਪਵੇਗਾ ਕਿ ਉਹ ਸਾਡੇ ਨਾਲ ਕਿਹੜੇ ਵਿਚਾਰਾਂ ਲਈ ਆਇਆ ਹੈ।
ਉਨ੍ਹਾਂ ਕਿਹਾ ਕਿ ਸਾਡੇ ਲਈ ਰਾਸ਼ਟਰ ਤੇ ਦੇਸ਼ ਸਭ ਤੋਂ ਪਹਿਲਾਂ ਹੈ ਤੇ ਪਾਰਟੀ ਬਾਅਦ ਵਿੱਚ। ਜੇਕਰ ਕੋਈ ਇਸ ਵਿਚਾਰ ਨਾਲ ਆਉਂਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ‘ਚ 117 ਸੀਟਾਂ ‘ਤੇ ਚੋਣ ਲੜੇਗੀ। ਸਾਡੇ ਕੋਲ ਸਾਰੀਆਂ ਸੀਟਾਂ ‘ਤੇ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰਵਾਦੀ ਪਾਰਟੀ ਹਾਂ, ਜੇਕਰ ਕੋਈ ਪਾਰਟੀ ਪੰਜਾਬ ਵਿੱਚ ਰਾਸ਼ਟਰਵਾਦ ਨੂੰ ਸਰਵਉੱਚ ਸਮਝਦੀ ਹੈ ਤਾਂ ਉਸ ਦਾ ਸਵਾਗਤ ਹੈ। ਅਸੀਂ ਅਕਾਲੀ ਦਲ ਨਾਲ ਵੀ ਗਠਜੋੜ ਕਰਸਕਦੇ ਹਾਂ ਪਰ ਗਠਜੋੜ ਹੁਣ ਸਾਡੀਆਂ ਸ਼ਰਤਾਂ ‘ਤੇ ਹੋਵੇਗਾ।