ਗਿੱਦੜਬਾਹਾ ਹਲਕੇ ਦੇ ਥਾਣਾ ਕੋਟਭਾਈ ਅੰਦਰ ਆਉਦੇ ਪਿੰਡ ਭੂੰਦੜ ਵਿੱਚ 2 ਮੋਟਰਸਾਈਕਲ ਸਵਾਰਾ ਵੱਲੋਂ ਲੰਘ ਰਾਤ ਇੱਕ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ । ਜਿਲ੍ਹਾ ਮੁਕਤਸਰ ਹਲਕਾ ਗਿੱਦੜਬਾਹਾ ਦੇ ਥਾਣਾ ਕੋਟਭਾਈ ਅਧੀਨ ਆਉਂਦੇ ਪਿੰਡ ਭੂੰਦੜ ਦੇ ਰਹਿਣ ਵਾਲੇ 40 ਸਾਲਾ ਡੇਰਾ ਪ੍ਰੇਮੀ ਚਰਨਦਾਸ ਆਪਣੀ ਦੁਕਾਨ ਤੇ ਬੈਠੇ ਸੀ ਉਸਨੂੰ 2 ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਚਰਨਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨੰਗੇ ਸਿਰ ਬੇਅਦਬੀ ਕੀਤੀ ਸੀ ਜਿਸ ਤੋਂ ਬਾਅਦ ਇਸ ਖਿਲਾਫ ਮਾਮਲਾ ਵੀ ਕੀਤਾ ਸੀ ।
ਡੇਰਾ ਪ੍ਰੇਮੀ ਚਰਨਦਾਸ (40) ਪਿੰਡ ਵਿੱਚ ਆਪਣੀ ਕਰਿਆਨੇ ਦੀ ਦੁਕਾਨ ’ਤੇ ਬੈਠਾ ਸੀ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰ ਵੀ ਉਸ ਦੇ ਨੇੜੇ ਬੈਠੇ ਸਨ। ਇਸੇ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆ ਗਏ। ਇਕ ਮੋਟਰਸਾਈਕਲ ‘ਤੇ ਬੈਠਾ ਰਿਹਾ, ਜਦਕਿ ਦੂਜਾ ਦੁਕਾਨ ‘ਤੇ ਪਹੁੰਚ ਗਿਆ। ਦੁਕਾਨ ‘ਤੇ ਪਹੁੰਚਦਿਆਂ ਹੀ ਉਸ ਨੇ ਚਰਨਦਾਸ ਤੋਂ ਚੀਨੀ ਅਤੇ ਚਾਹ ਪੱਤੀ ਦੀ ਮੰਗ ਕੀਤੀ। ਜਿਵੇਂ ਹੀ ਚਰਨਦਾਸ ਲਿਫਾਫੇ ‘ਚ ਚੀਨੀ ਪਾਉਣ ਲੱਗਾ ਤਾਂ ਨੌਜਵਾਨ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਗੋਲੀ ਡੇਰਾ ਪ੍ਰੇਮੀ ਦੇ ਮੱਥੇ ‘ਤੇ ਅੱਖ ਨੇੜੇ ਲੱਗੀ।
ਇਸ ਘਟਨਾ ਸਮੇਂ ਬਿਜਲੀ ਗੁੱਲ ਹੋਣ ਕਾਰਨ ਬਾਹਰ ਹਨੇਰਾ ਸੀ, ਜਿਸ ਕਾਰਨ ਬਾਈਕ ‘ਤੇ ਸਵਾਰ ਦੂਜੇ ਨੌਜਵਾਨਾਂ ਦੇ ਭੇਸ ਬਾਰੇ ਪਤਾ ਨਹੀਂ ਲੱਗ ਸਕਿਆ। ਗੋਲੀ ਲੱਗਣ ਤੋਂ ਬਾਅਦ ਰਿਸ਼ਤੇਦਾਰ ਚਰਨਦਾਸ ਨੂੰ ਲੈ ਕੇ ਗਿੱਦੜਬਾਹਾ ਦੇ ਸਿਵਲ ਹਸਪਤਾਲ ਪੁੱਜੇ। ਜਿੱਥੋਂ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਸਰਬਜੀਤ ਸਿੰਘ ਅਤੇ ਥਾਣਾ ਕੋਟਭਾਈ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਅਪ੍ਰੈਲ 2018 ‘ਚ ਚਰਨਦਾਸ ਨੇ ਘਰੇਲੂ ਝਗੜੇ ‘ਚ ਸਹੁੰ ਚੁੱਕਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਨੰਗੇ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਲਿਆ ਸੀ। ਉਸ ਦੇ ਨਾਲ ਉਸ ਦੀ ਭਰਜਾਈ ਵੀ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਸੀ।