ਮੋਗਾ, 11 ਦਸੰਬਰ – ਜ਼ਿਲ੍ਹਾ ਮੋਗਾ ਦੇ ਕੁਝ ਕੁ ਖੇਤਾਂ ਵਿੱਚ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਜਿਸ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜ਼ਿਲ੍ਹਾ ਮੋਗਾ ਦਫ਼ਤਰ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਹੈ।
ਡਾ ਪ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਨੇ ਕਿਹਾ ਕਿ ਇਸ ਸੰਬੰਧੀ ਕਿਸਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਇਹ ਹਮਲਾ ਦੇਖਣ ਤੇ ਤੁਰੰਤ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਬਨਾਉਣਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਮੌਸਮ ਆਮ ਨਾਲ਼ੋਂ ਗਰਮ ਹੋਣ ਕਾਰਨ ਕੁਝ ਖੇਤਾਂ ਵਿੱਚ ਹੀ ਇਸ ਦਾ ਹਮਲਾ ਨਜ਼ਰ ਆਇਆ ਹੈ । ਹਲਕੇ ਗੁਲਾਬੀ ਰੰਗ ਦੀ ਇਹ ਸੁੰਡੀ ਤਣੇ ਅੰਦਰ ਵੜ ਕੇ ਹਰਾ ਮਾਦਾ ਖਾਂਦੀ ਹੈ ਜਿਸ ਕਾਰਨ ਬੂਟੇ ਪੀਲ਼ੇ ਪੈ ਜਾਂਦੇ ਹਨ । ਉਪਰੋਕਤ ਸੁੰਡੀ ਦੀ ਰੋਕਥਾਮ ਸੰਬੰਧੀ ਉਹਨਾਂ ਸੁਝਾਅ ਦਿੱਤਾ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪਾਣੀ ਦਿਨ ਦੇ ਸਮੇਂ ਲਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਜਿਸ ਨਾਲ ਪਾਣੀ ਉਤੇ ਤਰਦੀਆਂ ਸੁੰਡੀਆਂ ਨੂੰ ਪੰਛੀ ਚੁਗ ਕੇ ਖਾ ਜਾਂਦੇ ਹਨ । ਉਨ੍ਹਾਂ ਨੇ ਕਿਸਾਨਾਂ ਨੂੰ ਹਮਲੇ ਵਾਲੇ ਖੇਤਾਂ ਦੀਆਂ ਦੌਗੀਆਂ ਜਾਂ ਪੂਰੇ ਖੇਤ ਵਿੱਚ ਅੱਠ ਸੌ ਮਿਲੀਮੀਟਰ ਕੁਈਨਲਫਾਸ ਦਵਾਈ ਪ੍ਰਤੀ ਏਕੜ ਰਕਬੇ ਦੇ ਹਿਸਾਬ ਨਾਲ ਛਿੜਕਾਅ ਕਰਨ ਦਾ ਸੁਝਾਅ ਦਿੱਤਾ ਹੈ।