ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਅਤੇ ਬੇਟੀ ਹਰਸ਼ਿਤਾ ਨੂੰ ਭਗਵੰਤ ਮਾਨ ਦੀ ਧੂਰੀ ਹਲਕੇ ਤੋਂ ਹਮਾਇਤ ਕਰਨ ਲਈ ਭੇਜਿਆ ਹੈ । ਅੱਜ ਵਿਸ਼ੇਸ਼ ਤੌਰ ਤੇ ਰੇਲਵੇ ਸਟੇਸ਼ਨ ਉੱਤੇ ਆਪ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਦੀ ਮਾਤਾ ਤੇ ਭੈਣ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਇਸ ਤੋਂ ਬਾਅਦ ਕੇਜਰੀਵਾਲ ਦਾ ਪਰਿਵਾਰ ਭਗਵੰਤ ਮਾਨ ਦੇ ਘਰ ਗਏ।
ਕੇਜਰੀਵਾਲ ਦਾ ਪਰਿਾਵਰ ਧੂਰੀ ਵਿਖੇ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਔਰਤਾਂ ਨਾਲ ਸੰਵਾਦ ਕਰੇਗਾ। ਆਪ ਨੇ ਧੂਰੀ ਵਿਖੇ ਮਹਿਲਾਵਾਂ ਦੇ ਨਾਲ ਸੰਵਾਦ ਰੱਖਣ ਲਈ ‘ਲੇਖਾ ਮਾਂਵਾਂ ਧੀਆਂ ਦਾ’ ਪ੍ਰੋਗਰਾਮ ਰੱਖਿਆ ਹੈ। ਇਸ ਪ੍ਰੋਗਰਾਮ ਚ ਭਗਵੰਤ ਮਾਨ ਦੇ ਮਾਤਾ ਅਤੇ ਭੈਣ ਵੀ ਮਹਿਲਾਵਾਂ ਨਾਲ ਸੰਵਾਦ ਕਰਨਗੀਆਂ।
ਇਸ ਤੋਂ ਪਹਿਲਾਂ ਸੁਨੀਤਾ ਕੇਜਰੀਵਾਲ ਨੇ ਬੀਤੇ ਦਿਨ ਟਵੀਟ ਕਰਕੇ ਆਪਣੇ ਦਿਊਰ ਭਗਵੰਤ ਮਾਨ ਲਈ ਪ੍ਰਚਾਰ ਕਰਨ ਲਈ ਧੂਰੀ ਆਉਣ ਦਾ ਜਾਣਕਾਰੀ ਦਿੱਤੀ ਸੀ। ਜਿਸਦੇ ਜੁਆਬ ਵਿੱਚ ਮਾਨ ਨੇ ਕਿਹਾ ਸੀ ਕਿ ਭਾਬੀ ਜੀ ਤੁਹਾਡਾ ਸੁਆਗਤ ਹੈ, ਲੋਕ ਤੁਹਾਡਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਭਗਵੰਤ ਮਾਨ ਸੰਗਰੂਰ ਸੰਸਦੀ ਸੀਟ ਤੋਂ ‘ਆਪ’ ਦੀ ਟਿਕਟ ‘ਤੇ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਧੂਰੀ ਵਿਧਾਨ ਸਭਾ ਹਲਕਾ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਹੈ। ਧੂਰੀ ਵਿਧਾਨ ਸਭਾ ਸੀਟ ਵਿੱਚ ਕੁੱਲ 74 ਪਿੰਡ ਹਨ।
ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਹੈ। ਇਸ ਵਾਰ ਕੁੱਲ 2.12 ਕਰੋੜ ਵੋਟਰ ਵੋਟ ਪਾਉਣਗੇ। ਇਨ੍ਹਾਂ ਵਿੱਚੋਂ 10086514 ਮਹਿਲਾ ਵੋਟਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 78.14 ਫੀਸਦੀ ਔਰਤਾਂ ਨੇ ਆਪਣੀ ਵੋਟ ਪਾਈ ਸੀ, ਜੋ ਮਰਦਾਂ ਨਾਲੋਂ 1.45 ਫੀਸਦੀ ਵੱਧ ਸੀ। ਇਸ ਵਾਰ ਵੀ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਵਿੱਚ ਔਰਤਾਂ ਵੱਲੋਂ ਵੱਧ ਵੋਟਾਂ ਪਾਉਣ ਦੀ ਕਿਆਸਰਾਈ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇੱਥੇ 14 ਫਰਵਰੀ ਨੂੰ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਗੁਰੂ ਰਵਿਦਾਸ ਜੈਅੰਤੀ ਸਬੰਧੀ ਪਾਰਟੀਆਂ ਦੇ ਕਹਿਣ ‘ਤੇ ਵੋਟਾਂ ਦੀ ਤਰੀਕ ਬਦਲ ਦਿੱਤੀ ਗਈ ਸੀ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੀ ਹੋਵੇਗੀ।
PUNJAB




INDIA








WORLD










