ਛੇ ਦਿਨਾਂ ਤੋਂ ਯੂਕਰੇਨ ਵਿੱਚ ਰੂਸ ਵੱਲੋਂ ਹਮਲੇ ਕੀਤੇ ਜਾ ਰਹੇ ਹੈ । ਰਾਜਧਾਨੀ ਕੀਵ ਵਿੱਚ ਨਾਗਰਿਕਾਂ ਲਈ ਖਤਰਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ । ਰੂਸੀ ਬਲਾਂ ਨੇ ਸੋਮਵਾਰ ਨੂੰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ, ਚੇਰਨੀਹਾਇਵ ਅਤੇ ਕੀਵ ‘ਤੇ ਬੰਬਾਰੀ ਕੀਤੀ।

ਅੱਜ ਸਵੇਰੇ ਯੂਕਰੇਨ ਦੇ ਖਾਰਕੀਵ ‘ਚ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਰਕੀਵ ਗੋਲੀਬਾਰੀ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਮੰਤਰਾਲੇ ਨੇ ਕਿਹਾ ਕਿ ਉਹ ਵਿਦਿਆਰਥੀ ਦੇ ਪਰਿਵਾਰ ਦੇ ਸੰਪਰਕ ਵਿੱਚ ਹਨ।
ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਲਿਖਿਆ,‘ਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ।’ ਮ੍ਰਿਤਕ ਵਿਦਿਆਰਥੀ ਕਰਨਾਟਕ ਦੇ ਚਾਲਗੇਰੀ ਦਾ ਰਹਿਣ ਵਾਲਾ ਸੀ।
ਇਸ ਦੌਰਾਨ, ਰੂਸੀ ਸੈਨਿਕਾਂ ਨੇ ਖਾਰਕੀਵ ‘ਤੇ ਗੋਲਾਬਾਰੀ ਜਾਰੀ ਰੱਖੀ। ਰੂਸੀ ਟੈਂਕ ਅਤੇ ਹੋਰ ਫੌਜੀ ਵਾਹਨ ਲਗਭਗ 40 ਮੀਲ ਦੇ ਕਾਫਲੇ ਵਿੱਚ ਸਫ਼ਰ ਕਰ ਰਹੇ ਹਨ। ਡਰੇ ਹੋਏ ਲੋਕ ਮਦਦ ਲਈ ਤਰਲੇ ਲੈ ਰਹੇ ਹਨ।

ਲਗਭਗ 15 ਲੱਖ ਦੀ ਆਬਾਦੀ ਵਾਲੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਵੀਡੀਓਜ਼ ਵਿਚ ਰਿਹਾਇਸ਼ੀ ਖੇਤਰਾਂ ਨੂੰ ਬੰਬ ਨਾਲ ਉਡਾਉਂਦੇ ਹੋਏ ਦਿਖਾਇਆ ਹੈ। ਜ਼ੋਰਦਾਰ ਧਮਾਕਿਆਂ ਕਾਰਨ ਅਪਾਰਟਮੈਂਟ ਦੀਆਂ ਇਮਾਰਤਾਂ ਲਗਾਤਾਰ ਕੰਬ ਰਹੀਆਂ ਸਨ ਅਤੇ ਆਸਮਾਨ ਵਿੱਚ ਅੱਗ ਅਤੇ ਧੂੰਏਂ ਦੇ ਗੁਬਾਰ ਦੇਖੇ ਜਾ ਸਕਦੇ ਸਨ।