ਪਿਯੋਂਗਯਾਂਗ: ਕੋਰੋਨਾਵਾਇਰਸ ਦਾ ਫੈਲਣਾ ਰੋਕਣ ਦੀ ਕਵਾਇਦ ਵਿੱਚ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਸਾਰੇ ਕਬੂਤਰਾਂ ਤੇ ਬਿੱਲੀਆਂ ਨੂੰ ਖ਼ਤਮ ਕਰਨ ਦਾ ਫ਼ਰਮਾਨ ਸੁਣਾਇਆ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਬੂਤਰ ਤੇ ਬਿੱਲੀਆਂ ਚੀਨ ਤੋਂ ਸਰਹੱਦ ਪਾਰ ਆ ਕੇ ਕੋਰੋਨਾਵਾਇਰਸ ਫੈਲਾ ਰਹੇ ਹਨ। ਤਾਨਾਸ਼ਾਹ ਨੇ ਇਸ ਤੋਂ ਇਲਾਵਾ ਕੋਰੋਨਾ ਦੇ ਖ਼ਾਤਮੇ ਲਈ ਹੋਰ ਵੀ ਕਈ ਉਪਾਵਾਂ ਦਾ ਐਲਾਨ ਕੀਤਾ।
ਕੋਰੋਨਾ ਦੀ ਰੋਕਥਾਮ ਦੇ ਉਪਾਵਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਚੀਨ ਦੀ ਸਰਹੱਦ ਪਾਰ ਕਰ ਕੇ ਕੋਈ ਬਿੱਲੀ ਜਾਂ ਕੋਈ ਪੰਛੀ ਉੱਤਰੀ ਕੋਰੀਆ ’ਚ ਆਉਣ ਦੀ ਕੋਸ਼ਿਸ਼ ਕਰੇ, ਤਾਂ ਉਸ ਨੂੰ ਤੁਰੰਤ ਗੋਲ਼ੀ ਮਾਰ ਦਿੱਤੀ ਜਾਵੇ। ਹੁਣ ਫ਼ੌਜੀ ਸਰਹੱਦ ਉੱਤੇ ਪੂਰੀ ਚੌਕਸ ਨਜ਼ਰ ਰੱਖ ਰਹੇ ਹਨ ਕਿ ਕਿਤੇ ਕੋਈ ਪੰਛੀ ਜਾਂ ਬਿੱਲੀ ਇੱਧਰ ਨਾ ਆ ਜਾਵੇ। ਉੱਤਰੀ ਕੋਰੀਆ ਦੇ ਅਧਿਕਾਰੀ ਹੁਣ ਆਮ ਸਥਾਨਕ ਲੋਕਾਂ ਉੱਤੇ ਜਾਨਵਰਾਂ ਨੂੰ ਮਾਰਨ ਦਾ ਦਬਾਅ ਬਣਾ ਰਹੇ ਹਨ।
37 ਸਾਲਾ ਤਾਨਾਸ਼ਾਹ ਨੂੰ ਖ਼ਦਸ਼ਾ ਹੈ ਕਿ ਇਹ ਜਾਨਵਰ ਚੀਨ ਤੋਂ ਸਰਹੱਦ ਪਾਰ ਕਰ ਕੇ ਖ਼ਤਰਨਾਕ ਵਾਇਰਸ ਲਿਆ ਰਹੇ ਹਨ। ਕੋਰੀਆ ਦੇ ਨਾਗਰਿਕਾਂ ਨੇ ਇਸ ਹੁਕਮ ਨੂੰ ‘ਗ਼ੈਰ ਤਰਕਪੂਰਨ’ ਦੱਸਿਆ ਹੈ। ਇਸ ਤੋਂ ਪਹਿਲਾਂ ਖ਼ੁਲਾਸਾ ਹੋਇਆ ਸੀ ਕਿ ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇ ਇੱਕ ਅਧਿਕਾਰੀ ਦੀ ਮੌਤ ਤੋਂ ਬਾਅਦ ਚੀਨ ਦੀਆਂ ਦਵਾਈਆਂ ਨੂੰ ਦੇਸ਼ ਦੇ ਮੁੱਖ ਹਸਪਤਾਲਾਂ ਤੋਂ ਬੈਨ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ 60 ਸਾਲਾ ਬਿਊਰੋਕ੍ਰੈਟ ਦਿਲ ਨਾਲ ਸਬੰਧਤ ਬੀਮਾਰੀ ਨਾਲ ਜੂਝ ਰਿਹਾ ਸੀ।
ਜੋਂਗ ਉਨ ਦਸੰਬਰ 2011 ’ਚ ਆਪਣੇ ਪਿਤਾ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਉੱਤਰੀ ਕੋਰੀਆ ਦੇ ਮੁਖੀ ਬਣੇ ਸਨ। ਇਸੇ ਦੌਰਾਨ ਉੱਤਰੀ ਕੋਰੀਆ ਨੇ ਕੁਝ ਦੇਸ਼ਾਂ ਵੱਲੋਂ ਕੋਵਿਡ-19 ਵੈਕਸੀਨ ਦਾ ਵੱਧ ਸਟਾਕ ਇਕੱਠਾ ਕਰਨ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ। ਕੋਰੀਆਈ ਪ੍ਰਸ਼ਾਸਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਵੀ ਦੁਨੀਆ ਭਰ ਵਿੱਚ ਕੋਵਿਡ-19 ਵੈਕਸੀਨ ਦੀ ਨਿਰਪੱਖ ਡਿਸਟ੍ਰੀਬਿਊਸ਼ਨ ਹਾਸਲ ਕਰਨ ਵਿੱਚ ਮਦਦ ਲਈ ਕਿਹਾ ਹੈ।