ਬਾਘਾਪੁਰਾਣਾ, (ਤਰਲੋਚਨ ਬਰਾੜ) : ਪੰਜਾਬ ਵਿੱਚ ਜਿਓ ਹੀ ਅਗਾਮੀ ਚੋਣਾਂ ਦਾ ਨਗਾੜਾ ਵੱਜਿਆ । ਤਿਉ ਹੀ ਪੰਜਾਬ ਦੀ ਸਿਆਸਤ ਵਿੱਚ ਘਮਸਾਨ ਯੁੱਧ ਸ਼ੁਰੂ ਹੋ ਗਿਆ । ਪੰਜਾਬ ਦੀ ਸਿਆਸਤ ਇਸ ਕਦਰ ਸੰਘਣੀ ਹੋਈ ਪਈ ਹੈ ਜੋ ਅੱਜ ਦੀ ਘੜੀ ਹਰੇਕ ਸਿਆਸੀ ਲੀਡਰ ਨੂੰ ਬੇਗਾਨਿਆਂ ਨਾਲੋਂ ਆਪਣਿਆਂ ਤੋਂ ਜਿਆਦਾ ਖ਼ਤਰਾ ਹੈ । ਅਜਿਹੀ ਹੀ ਸਤਿਥੀ ਹਲਕਾ ਬਾਘਾਪੁਰਾਣਾ ਦੀ ਬਣੀ ਜਾਪਦੀ ਹੈ । ਅੱਜ ਤੋਂ 6 ਮਹੀਨੇ ਪਹਿਲਾਂ ਬਾਘਾਪੁਰਾਣਾ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਤਰਫੋਂ ਸਿਰਫ ਇੱਕ ਹੀ ਚਿਹਰਾ ਸੱਤਾ ਦੀ ਦੌੜ ਦਾ ਦੌੜਾਕ ਸੀ, ਪਰ ਤਾਜਾ ਉੱਡੀਆਂ ਅਫਵਾਹਾਂ ਨੇ ਨਵੇਂ ਸਿਆਸੀ ਅਖਾੜੇ ਤਿਆਰ ਕਰ ਦਿੱਤੇ ਹਨ । ਅਸੀਂ ਗੱਲ ਕਰ ਰਹੇ ਹਾਂ ਸੀਨੀਅਰ ਅਕਾਲੀ ਆਗੂ ਤੀਰਥ ਸਿੰਘ ਮਾਹਲਾ ਦੀ ਜੋ ਬਾਦਲ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ ਮੰਨੇ ਜਾਂਦੇ ਹਨ ਤੇ ਉਨ੍ਹਾਂ ਦਾ ਪਾਰਟੀ ਵਿੱਚ ਰੁਤਬਾ ਆਪਣੇ ਆਪ ਵਿੱਚ ਇੱਕ ਮਿਸਾਲ ਦੀ ਤਰ੍ਹਾਂ ਕੰਮ ਕਰਦਾ ਹੈ ਪਰ ਉਨ੍ਹਾਂ ਦੇ ਜੜ੍ਹੀ ਬੈਠਣ ਲਈ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਪੈਰਾਸ਼ੂਟ ਰਾਹੀਂ ਉਤਰਨ ਲਈ ਬਾਘਾਪੁਰਾਣਾ ਵਿਖੇ ਤਿਆਰ-ਬਰ-ਤਿਆਰ ਬੈਠਾ ਹੈ । ਬਾਘਾਪੁਰਾਣਾ ਹਲਕੇ ਦੀ ਸਿਆਸਤ ਤੋਂ ਵਾਕਿਫ ਹੋਣਾ ਅਤੇ ਸੁਖਬੀਰ ਬਾਦਲ ਦਾ ਕਰੀਬੀ ਹੋਣਾ ਜਗਮੀਤ ਬਰਾੜ ਨੂੰ ਤੀਰਥ ਸਿੰਘ ਮਾਹਲਾ ਦੇ ਰਸਤੇ ਦਾ ਵੱਡਾ ਰੋੜਾ ਸਾਬਿਤ ਕਰਦਾ ਹੈ । ਦੂਜੇ ਪਾਸੇ ਜੇਕਰ ਗੱਲ ਕਰੀਏ ਦੋਵੇਂ ਲੀਡਰਾਂ ਦੇ ਵੋਟ ਬੈਂਕ ਦੀ ਤਾਂ ਦੋਵਾਂ ਹੀ ਲੀਡਰਾਂ ਪਾਸ ਸ਼ਹਿਰ ਬਾਘਾਪੁਰਾਣਾ ਅਤੇ ਹਲਕੇ ਦੇ ਪਿੰਡਾਂ ਵਿੱਚ ਪੱਕਾ ਵੋਟ ਬੈਂਕ ਖੜਾ ਹੈ । ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਉੱਠਣਾ ਆਪਣੇ ਆਪ ਵਿੱਚ ਤੀਰਥ ਸਿੰਘ ਮਾਹਲਾ ਲਈ ਵੱਡੀ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ । ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਜਗਮੀਤ ਬਰਾੜ ਅਜਿਹਾ ਆਗੂ ਹੈ ਜੋ ਅਜੋਕੇ ਸਮੇਂ ਇਸੇ ਧਰਤੀ ਤੋਂ ਸੁਖਬੀਰ ਬਾਦਲ ਨੂੰ ਵੀ ਲੋਕ ਸਭਾ ਚੋਣਾਂ ਦੌਰਾਨ ਟੱਕਰ ਦੇ ਚੁੱਕਾ ਹੈ ਇਸ ਕਰਕੇ ਤੀਰਥ ਸਿੰਘ ਮਾਹਲਾ ਲਈ ਖ਼ਤਰੇ ਦੇ ਨਿਸ਼ਾਨ ਹੇਠ ਹੋਣਾ ਲਾਜ਼ਮੀ ਗੱਲ ਹੈ । ਸਿਆਸਤ ਇੱਕ ਅਜਿਹੀ ਗੇਮ ਹੈ ਜਿਸ ਵਿੱਚ ਇੱਕ ਪਿਉ ਵੀ ਆਪਣੇ ਪੁੱਤਰ ਦੀ ਬਲੀ ਦੇਣ ਲੱਗਾ ਝਿਜਕ ਨਹੀਂ ਪ੍ਰਤੀਤ ਕਰਦਾ । ਜਿੱਥੇ ਕਿ ਇਸ ਅਫਵਾਹ ਨੇ ਤੂਲ ਫੜਿਆ ਹੀ ਹੋਇਆ ਸੀ ਉਥੇ ਹੀ ਇੱਕ ਨਵੀਂ ਹੋਰ ਅਫਵਾਹ ਮਾਰਕਿਟ ਵਿੱਚ ਆ ਬਿਰਾਜੀ, ਜਿਸਨੇ ਸੀਨੀਅਰ ਅਕਾਲੀ ਲੀਡਰਾਂ ਨੂੰ ਹੋਰ ਡਰਾ ਕੇ ਰੱਖ ਦਿੱਤਾ । ਇਸ ਅਫਵਾਹ ਮੁਤਾਬਿਕ ਜਿਲ੍ਹੇ ਦਾ ਸਭ ਤੋਂ ਵੱਡਾ ਸਿਆਸੀ ਚਿਹਰਾ ਜਥੇਦਾਰ ਤੋਤਾ ਸਿੰਘ ਵੀ ਕਿਤੇ ਨਾ ਕਿਤੇ ਇਸ ਸੀਟ ਤੇ ਨਜ਼ਰਾਂ ਟਿਕਾਈ ਬੈਠਾ ਹੈ । ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਜਿਲ੍ਹਾ ਮੋਗਾ ਦੀਆਂ ਚਾਰੇ ਵਿਧਾਨ ਸਭਾ ਸੀਟਾਂ ਤੇ ਜਥੇਦਾਰ ਤੋਤਾ ਸਿੰਘ ਨੇ ਆਪਣੀ ਮਰਜ਼ੀ ਮੁਤਾਬਿਕ ਸਾਰੇ ਉਮੀਦਵਾਰ ਅਨਾਊਂਸ ਕਰਵਾਉਣੇ ਹਨ ਕਿਉਂਕਿ ਜਥੇਦਾਰ ਤੋਤਾ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਇਸੇ ਸ਼ਰਤ ਕਰਕੇ ਟਿੱਕੇ ਹੋਏ ਹਨ, ਨਹੀਂ ਹੁਣ ਤੱਕ ਉਨ੍ਹਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਛੱਡ ਅਕਾਲੀ ਦਲ ਟਕਸਾਲੀ ਨਾਲ ਚਲੇ ਜਾਣਾ ਸੀ । ਅਜਿਹੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ, ਕੀ ਅਕਾਲੀ ਦਲ ਵਿਚਲਾ ਘਮਸਾਨ ਉਸਦੀ ਬੇੜੀ ਪਾਰ ਪਹੁੰਚਾਵੇਗਾ ਜਾਂ ਨਹੀਂ .. ? ? ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ।