ਡਾ. ਜਸਮੀਤ ਕੌਰ ਬੈਂਸ ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਵਜੋਂ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਹੈ। ਜਸਮੀਤ ਕੌਰ ਬੈਂਸ ਨੇ ਕੇਰਨ ਕਾਉਂਟੀ ਵਿੱਚ ਆਪਣੀ ਵਿਰੋਧੀ ਲੈਟੀਸੀਆ ਪੇਰੇਜ਼ ਨੂੰ ਹਰਾ ਦਿੱਤਾ ਹੈ ।ਜਸਮੀਤ ਬੈਂਸ ਨੂੰ 10,827 ਵੋਟਾਂ ਨਾਲ 58.9 ਫੀਸਦੀ ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਰੋਧੀ ਪੇਰੇਜ਼ ਨੂੰ 7,555 ਵੋਟਾਂ ਨਾਲ 41.1 ਫੀਸਦੀ ਵੋਟਾਂ ਹੀ ਹਾਸਲ ਹੋਈਆਂ ਹਨ। ਜਸਮੀਤ ਬੇਕਰਸਫੀਲਡ ਰਿਕਵਰੀ ਸਰਵਿਿਸਜ਼ ਵਿਖੇ ਮੈਡੀਕਲ ਡਾਇਰੈਕਟਰ ਹੈ।ਚੋਣ ਜਿੱਤਣ ਤੋਂ ਬਾਅਦ ਜਸਮੀਤ ਨੇ ਕਿਹਾ ਕਿ ਉਹ ਸਿਹਤ ਸੰਭਾਲ, ਰਿਹਾਇਸ਼, ਪਾਣੀ ਦੀ ਸਹੂਲਤ ਅਤੇ ਹਵਾ ਦੀ ਗੁਣਵੱਤਾ ਨੂੰ ਪਹਿਲ ਦੇਵੇਗੀ।

ਇਸ ਦੇ ਨਾਲ ਹੀ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਜਸਮੀਤ ਨੇ ਇੱਕ ਸੰਦੇਸ਼ ਵਿੱਚ ਲਿਖਿਆ, “ਇਹ ਇੱਕ ਰੋਮਾਂਚਕ ਰਾਤ ਹੈ, ਮੈਂ ਸ਼ੁਰੂਆਤੀ ਰੂਝਾਨ ਤੋਂ ਉਤਸ਼ਾਹਿਤ ਹਾਂ ਅਤੇ ਕੇਰਨ ਕਾਉਂਟੀ ਵਿੱਚ ਮਿਲੇ ਸਮਰਥਨ ਲਈ ਲੋਕਾਂ ਦੀ ਧੰਨਵਾਦੀ ਹਾਂ।” ਉਨ੍ਹਾਂ ਦਾ ਹਲਕਾ ਅਰਵਿਨ ਜ਼ਿਲ੍ਹੇ ਤੋਂ ਡੇਲਾਨੋ ਤੱਕ ਹੈ। ਇਸ ਵਿੱਚ ਪੂਰਬੀ ਬੇਕਰਸਫੀਲਡ ਦਾ ਜ਼ਿਆਦਾਤਰ ਹਿੱਸਾ ਵੀ ਸ਼ਾਮਲ ਹੈ।

ਜਸਮੀਤ ਦੇ ਪਿਤਾ ਨੇ ਇੱਕ ਆਟੋ ਮਕੈਨਿਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਉਹ ਕਾਰ ਡੀਲਰਸ਼ਿਪ ਦੇ ਮਾਲਕ ਬਣੇ। ਜਸਮੀਤ ਕੌਰ ਨੇ ਕੁੱਝ ਦਿਨ ਆਪਣੇ ਪਿਤਾ ਦੇ ਕੰਮ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਰੀਅਰ ਮੈਡੀਕਲ ‘ਚ ਬਣਾਇਆ।

ਜਸਮੀਤ ਕੌਰ ਬੈਂਸ ਨੇ ਕੋਵਿਡ ਦੌਰ ਵਿੱਚ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਫੀਲਡ ਹਸਪਤਾਲਾਂ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਕੈਲੀਫੋਰਨੀਆ ਅਕੈਡਮੀ ਆਫ ਫੈਮਲੀ ਫਿਜ਼ੀਸ਼ੀਅਨ ਵੱਲੋਂ 2019 ਹੀਰੋ ਆਫ ਫੈਮਿਲੀ ਮੈਡੀਸਨ ਅਤੇ ਗ੍ਰੇਟਰ ਬੇਕਰਸਫੀਲਡ ਚੈਂਬਰ ਆਫ ਕਾਮਰਸ ਤੋਂ 2021 ਬਿਊਟੀਫੁੱਲ ਬੇਕਰਸਫੀਲਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਭਾਰਤ ਅਤੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਡਾ. ਜਸਮੀਤ ਕੌਰ ਬੈਂਸ ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਵਜੋਂ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਹੈ।

PUNJAB




INDIA








WORLD









