ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਹਨ। ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੂੰ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ਘਪਲੇ ਨਾਲ ਜੁੜੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਵਰਕਰ ਸੜਕਾਂ ‘ਤੇ ਹਨ। ਆਤਿਸ਼ੀ, ਸੌਰਭ ਭਾਰਦਵਾਜ, ਸੰਦੀਪ ਪਾਠਕ, ਗੋਪਾਲ ਰਾਏ ਤੇ ਹੋਰ ਆਗੂ ਪਾਰਟੀ ਨਾਲ ਜੁੜੇ ਹਰ ਛੋਟੇ-ਵੱਡੇ ਮਾਮਲੇ ਨੂੰ ਮੀਡੀਆ ਦੇ ਸਾਹਮਣੇ ਪਾਰਟੀ ਨਾਲ ਜੁੜੀ ਹਰ ਛੋਟੀ-ਛੋਟੀ ਗੱਲ ਪੇਸ਼ ਕਰਦੇ ਨਜ਼ਰ ਆ ਰਹੇ ਹਨ।
ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਹੁਣ ਸਾਹਮਣੇ ਹਨ। ਇਸ ਸਭ ਦੇ ਵਿਚਕਾਰ, ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਜੋ ਅਕਸਰ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਨਜ਼ਰ ਆਉਂਦੇ ਹਨ, ਇਸ ਪੂਰੇ ਘਟਨਾਕ੍ਰਮ ਵਿੱਚ ਜ਼ਿਆਦਾ ਬੋਲਦੇ ਨਜ਼ਰ ਨਹੀਂ ਆ ਰਹੇ ਹਨ। ਭਾਵੇਂ ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਹਨ ਪਰ ਪਾਰਟੀ ਦੇ ਇਸ ਵੱਡੇ ਸੰਕਟ ਦੌਰਾਨ ਰਾਜਧਾਨੀ ਦਿੱਲੀ ਤੋਂ ਉਨ੍ਹਾਂ ਦੀ ਗੈਰਹਾਜ਼ਰੀ ਲੋਕਾਂ ਦੇ ਮਨਾਂ ‘ਚ ਸ਼ੰਕੇ ਪੈਦਾ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਘਵ ਅੱਖਾਂ ਦੀ ਸਰਜਰੀ ਲਈ ਲੰਡਨ ਵਿੱਚ ਹਨ। ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵੋਕਲ ਚਿਹਰਾ ਮੰਨੇ ਜਾਣ ਵਾਲੇ ਰਾਘਵ ਚੱਢਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਈ ਸਵਾਲ ਪੁੱਛੇ ਜਾ ਰਹੇ ਹਨ। ਲੋਕ ਪੁੱਛ ਰਹੇ ਹਨ ਕਿ ਪਹਿਲਾਂ ਤਾਂ ਲੋਕ ਸਭਾ ਚੋਣਾਂ ਨੇੜੇ ਹੋਣ ਅਤੇ ਫਿਰ ਪਾਰਟੀ ਕੋਆਰਡੀਨੇਟਰ ਦੀ ਗ੍ਰਿਫਤਾਰੀ ਵਰਗੇ ਅਹਿਮ ਮੌਕਿਆਂ ਮੌਕੇ ਰਾਘਵ ਚੱਢਾ ਕਿੱਥੇ ਹਨ।
ਲੰਡਨ ਵਿੱਚ ਹਨ ਰਾਘਵ ਚੱਢਾ!
ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਅਗਲੇ ਦਿਨ ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਨੇ ਇੱਕ ਰਿਪੋਰਟ ਛਾਪੀ , ਜਿਸ ਅਨੁਸਾਰ ਰਾਘਵ ਚੱਢਾ 8 ਮਾਰਚ ਤੋਂ ਲੰਡਨ ਵਿੱਚ ਹਨ। ਰਾਘਵ ਚੱਢਾ ਨੇ 9 ਮਾਰਚ ਨੂੰ ਲੰਡਨ ਸਕੂਲ ਆਫ ਇਕਨਾਮਿਕਸ ਦੇ ਲੰਡਨ ਇੰਡੀਅਨ ਫੋਰਮ ਵਿੱਚ ਵੀ ਸੰਬੋਧਨ ਕੀਤਾ। ਰਾਘਵ ਚੱਢਾ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਰਾਘਵ ਚੱਢਾ ਨੇ ਬਾਅਦ ਵਿੱਚ ਆਪਣੇ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਦੇ ਨਾਲ 20 ਮਾਰਚ ਨੂੰ ਬ੍ਰਿਟਿਸ਼ ਸੰਸਦ ਵਿੱਚ ਆਯੋਜਿਤ ਹਫਤਾਵਾਰੀ ‘ਪੀਐੱਮਕਿਊਜ਼’ ਵਿੱਚ ਹਿੱਸਾ ਲਿਆ। ਇਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵਿਰੋਧੀ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਬਾਅਦ ਨਿਊਜ਼ ਏਜੰਸੀ ਪੀਟੀਆਈ ਨੇ ਪਾਰਟੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਘਵ ਚੱਢਾ ਦੀ ਲੰਦਨ ਵਿੱਚ ਅੱਖਾਂ ਦਾ ਅਪਰੇਸ਼ਨ ਕਰਵਾਉਣਗੇ।
ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕੀ ਦੱਸਿਆ
ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪੱਤਰਕਾਰ ਨੂੰ ਰਾਘਵ ਚੱਢਾ ਦੀ ਗ਼ੈਰ-ਹਾਜ਼ਰੀ ਦੇ ਕਾਰਨ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ, “ਉਹ ਡਾਕਟਰੀ ਕਾਰਨਾਂ ਕਰਕੇ ਯੂਕੇ ਗਏ ਹੋਏ ਹਨ, ਉਨ੍ਹਾਂ ਦੀ ਅੱਖ ਦੇ ਰੈਟੀਨਾ ਵਿੱਚ ਛੇਕ ਹੈ।” ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਰਾਘਵ ਚੱਢਾ ਨਾਲ ਹਫ਼ਤਾ ਪਹਿਲਾਂ ਸੰਪਰਕ ਹੋਇਆ ਸੀ।
ਰਾਘਵ ਚੱਢਾ ਦੇ ਵਾਪਸ ਪਰਤਣ ਜਾਂ ਲੰਬੇ ਸਮੇਂ ਤੱਕ ਰਹਿਣ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਦੇ। ਇਸ ਦੌਰਾਨ ਬ੍ਰਿਟੇਨ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਰਾਘਵ ਚੱਢਾ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਟਵੀਟ ਕੀਤੀ , ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਰਾਘਵ ਚੱਢਾ ‘ਤੇ ਹਮਲਾਵਰ ਰੁਖ ਅਖਤਿਆਰ ਕੀਤਾ।
ਰਾਘਵ ਚੱਢਾ ਦਾ ਨਾਂ ਲਏ ਬਿਨਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਇਹ (ਪੰਜਾਬ ਵਿੱਚ) ਕਿਹੋ ਜਿਹੀ ਸਰਕਾਰ ਹੈ? ਸੂਬੇ ਦਾ ਇੱਕ ਸੰਸਦ ਮੈਂਬਰ ਅਜਿਹੇ ਲੋਕਾਂ ਨਾਲ ਖੜ੍ਹਾ ਹੈ ਜੋ ਭਾਰਤ ਦੇ ਖਿਲਾਫ ਬੋਲਦੇ ਹਨ ਅਤੇ ਅੱਤਵਾਦ ਪੱਖੀ ਦਾ ਸਮਰਥਨ ਕਰਦੇ ਹਨ।” ਪ੍ਰੀਤ ਕੌਰ ਗਿੱਲ ’ਤੇ ਅਕਸਰ ਇਹ ਇਲਜ਼ਾਮ ਲੱਗਦੇ ਹਨ ਕਿ ਉਹ ਖਾਲਿਸਤਾਨ ਦੀ ਹਮਾਇਤ ਵਿੱਚ ਬੋਲਦੇ ਹਨ, ਜਿਸ ਕਾਰਨ ਉਹ ਭਾਰਤ ਸਰਕਾਰ ਦੇ ਨਿਸ਼ਾਨੇ ‘ਤੇ ਰਹੇ ਹਨ।
ਬੀਜੇਪੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰੀਤ ਗਿੱਲ ਨਾਲ ਰਾਘਵ ਚੱਢਾ ਦੀ ਤਸਵੀਰ ਸਾਂਝੀ ਕਰਦੇ ਹੋਏ ਸਵਾਲ ਕੀਤਾ ਕਿ ਭਾਰਤ ‘ਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਪਰ ਅਰਵਿੰਦ ਕੇਜਰੀਵਾਲ ਦੀ ਅੱਖ ਦਾ ਤਾਰਾ ਮੰਨੇ ਜਾਣ ਵਾਲੇ ਰਾਘਵ ਚੱਢਾ ਲੰਡਨ ‘ਚ ਹਨ ਅਤੇ ਪ੍ਰੀਤ ਗਿੱਲ ਨਾਲ ਸੰਪਰਕ ਵਿੱਚ ਕਿਉਂ ਹਨ? ਉਨ੍ਹਾਂ ਇਹ ਵੀ ਕਿਹਾ ਕਿ ਰਾਘਵ ਚੱਢਾ ਦਿੱਲੀ ਦੇ ਹਸਪਤਾਲ ਵਿੱਚ ਅੱਖਾਂ ਦਾ ਅਪਰੇਸ਼ਨ ਕਿਉਂ ਨਹੀਂ ਕਰਵਾ ਰਹੇ?
ਰਾਘਵ ਚੱਢਾ ਬਾਰੇ ਕੀ ਕਿਹਾ ਜਾ ਰਿਹਾ ਹੈ?
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਅਗਲੇ ਦਿਨ ਸੀਨੀਅਰ ਵਕੀਲ ਅਤੇ ਸਾਬਕਾ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਗ੍ਰਿਫਤਾਰ ਹੋਣ ਵਾਲਿਆਂ ਵਿੱਚ ਅਗਲਾ ਨੰਬਰ ਰਾਘਵ ਚੱਢਾ ਦਾ ਹੈ।
ਕਪਿਲ ਸਿੱਬਲ ਨੇ ਕਿਹਾ , “ਕੇ ਕਵਿਤਾ ਅਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਅਗਲੇ ਰਾਘਵ ਚੱਢਾ ਹੋਣਗੇ। ਇਸ ਤੋਂ ਬਾਅਦ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੋ ਇਸ ਦੇਸ ਦੀਆਂ ਚੋਣਾਂ ਵਿੱਚ ਮੁੱਖ ਖਿਡਾਰੀ ਹਨ।” ਕੁਝ ਲੋਕ ਸੋਸ਼ਲ ਮੀਡੀਆ ਯੂਜ਼ਰ ਕਹਿ ਰਹੇ ਹਨ ਕਿ ਪਾਰਟੀ ਵਿੱਚ ਸੰਕਟ ਦੇ ਇਸ ਸਮੇਂ ਵਿੱਚ ਰਾਘਵ ਚੱਢਾ ਦੂਰੀ ਬਣਾ ਰਹੇ ਹਨ। ਕੁਝ ਯੂਜ਼ਰਸ ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਬਾਰੇ ਵੀ ਕਿਆਸ ਲਗਾ ਰਹੇ ਹਨ।
ਸੋਸ਼ਲ ਮੀਡੀਆ ਸਾਈਟ ‘ਤੇ ਇੱਕ ਯੂਜ਼ਰ ਨੇ ਪੁੱਛਿਆ ਕਿ ਜਦੋਂ ਚੋਣਾਂ ਸਿਰ ਉੱਤੇ ਹਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਜੇਲ੍ਹ ਵਿੱਚ ਹਨ, ਰਾਘਵ ਚੱਢਾ ਕਿੱਥੇ ਹੈ? ਸੋਸ਼ਲ ਮੀਡੀਆ ਸਾਈਟ ਐੱਕਸ ਉੱਤੇ ਇੱਕ ਹੋਰ ਯੂਜ਼ਰ ਨੇ ਪੁੱਛਿਆ , “ਇੰਨਾ ਸਭ ਕੁਝ ਹੋਣ ਦੇ ਦੌਰਾਨ, ਰਾਘਵ ਚੱਢਾ ਕਿੱਥੇ ਹਨ? ਜੇਕਰ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਮੈਨੂੰ ਹੈਰਾਨੀ ਨਹੀਂ ਹੋਵੇਗੀ।”
ਇੱਕ ਯੂਜ਼ਰ ਨੇ ਪੁੱਛਿਆ , “ਰਾਘਵ ਚੱਢਾ ਕਿੱਥੇ ਹਨ? ਉਹ ਮੌਕੇ ਤੋਂ ਗਾਇਬ ਹਨ। ਕੀ ‘ਆਪ’ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ?” ਐਕਸ ‘ਤੇ ਖੁਦ ਨੂੰ ਆਮ ਆਦਮੀ ਪਾਰਟੀ ਦਾ ਮੈਂਬਰ ਦੱਸ ਰਹੇ ਯੂਜ਼ਰ ਨੇ ਲਿਖਿਆ , “ਰਾਘਵ ਜੀ, ਤੁਸੀਂ ਕਿੱਥੇ ਹੋ, ਦਿੱਲੀ ਆ ਕੇ ਸੜਕਾਂ ‘ਤੇ ਉਤਰੋ, ਪਾਰਟੀ ਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ।”
ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ: ਆਸ਼ੂਤੋਸ਼ ਕੁਮਾਰ ਵੀ ਇਸ ਗੱਲ ਨੂੰ ਆਮ ਨਹੀਂ ਸਮਝਦੇ ਕਿ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਨਜ਼ਦੀਕੀ ਵਿਅਕਤੀਆਂ ਵਿੱਚੋਂ ਇੱਕ ਮੰਨੇ ਜਾਂਦੇ ਰਾਘਵ ਚੱਢਾ ਇਸ ਪੂਰੇ ਮਾਮਲੇ ਤੋਂ ਦੂਰੀ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ, “ਕਈ ਮੁੱਦਿਆਂ ਉੱਤੇ ਰਾਘਵ ਚੱਢਾ ਦੀ ਭਗਵੰਤ ਮਾਨ ਨਾਲ ਅਸਹਿਮਤੀ ਦੀਆਂ ਖਬਰਾਂ ਆਈਆਂ ਹਨ। ਭਾਵੇਂ ਰਾਘਵ ਨੂੰ ਉਨ੍ਹਾਂ ਨਾਲ ਸਮੱਸਿਆਵਾਂ ਹਨ ਪਰ ਚੱਢਾ, ਜੋ ਹਮੇਸ਼ਾ ਅਰਵਿੰਦ ਕੇਜਰੀਵਾਲ ਦੇ ਨਾਲ ਨਜ਼ਰ ਆਉਂਦੇ ਸੀ, ਹੁਣ ਆਪਣੇ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਕਿਤੇ ਨਹੀਂ ਹਨ। ਇਹ ਅਜੀਬ ਗੱਲ ਹੈ।”
ਉਹ ਰਾਘਵ ਚੱਢਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਵੀ ਗਲਤ ਨਹੀਂ ਮੰਨਦੇ। ਪ੍ਰੋਫੈਸਰ ਆਸ਼ੂਤੋਸ਼ ਕਹਿੰਦੇ ਹਨ, “ਇਹ ਬਿਲਕੁੱਲ ਸੰਭਵ ਹੈ। ਪੰਜਾਬ ਵਿੱਚ ਭਾਜਪਾ ਦਾ ਕੋਈ ਪ੍ਰਭਾਵਸ਼ਾਲੀ ਆਗੂ ਨਹੀਂ ਹੈ। ਰਾਘਵ ਚੱਢਾ ਨੌਜਵਾਨ ਹਨ, ਉਹ ਨਾ ਸਿਰਫ਼ ਆਪਣੀ ਗੱਲ ਨੂੰ ਚੰਗੀ ਤਰ੍ਹਾਂ ਤਿਆਰ ਕਰਦੇ ਹਨ, ਸਗੋਂ ਲੋਕਾਂ ਵਿੱਚ ਵੀ ਚੰਗੀ ਪਹੁੰਚ ਰੱਖਦੇ ਹਨ। ਭਾਜਪਾ ਵੈਸੇ ਵੀ ਇਸ ਤਰ੍ਹਾਂ ਦੇ ਆਗੂਆਂ ਦੀ ਭਾਲ ਕਰ ਰਹੀ ਹੈ। ਬੀਜੇਪੀ ਦਾ ਫੋਕਸ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹਨ। ਇਸ ਤੋਂ ਉੱਪਰ ਰਾਘਵ ਚੱਢਾ ਖੱਤਰੀ ਭਾਈਚਾਰੇ ਤੋਂ ਆਉਂਦੇ ਹਨ ਜੋ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ ਅਤੇ ਇੱਕ ਸ਼ਹਿਰੀ ਵੋਟਰ ਹਨ। ਭਾਜਪਾ ਦੇ ਵੋਟਰ ਵੀ ਇਸ ਵਰਗ ਨਾਲ ਸਬੰਧਤ ਹਨ। ਰਾਘਵ ਭਾਜਪਾ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਹਨ।”
ਰਾਘਵ ਚੱਢਾ ਸੋਸ਼ਲ ਮੀਡੀਆ ‘ਤੇ ਸਰਗਰਮ
ਰਾਘਵ ਚੱਢਾ ਦਿੱਲੀ ਵਿੱਚ ਨਹੀਂ ਹਨ ਪਰ ਲੰਘੇ ਵੀਰਵਾਰ ਦੀ ਰਾਤ ਜਦੋਂ ਈਡੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਸੀ, ਉਦੋਂ ਤੋਂ ਹੀ ਰਾਘਵ ਚੱਢਾ ਸੋਸ਼ਲ ਮੀਡੀਆ ਉੱਤੇ ਸਰਗਰਮ ਸੀ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਰਾਘਵ ਚੱਢਾ ਨੇ ਲਿਖਿਆ, “ਭਾਰਤ ਵਿੱਚ ਅਣਐਲਾਨੀ ਐਮਰਜੈਂਸੀ ਹੈ। ਅਰਵਿੰਦ ਕੇਜਰੀਵਾਲ ਦੂਜੇ ਸੀਐਮ ਹਨ, ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਹੈ। ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਅਸੀਂ ਭਾਰਤ ਵਿੱਚ ਏਜੰਸੀਆਂ ਦੀ ਇੰਨੀ ਜ਼ਿਆਦਾ ਵਰਤੋਂ ਕਦੇ ਨਹੀਂ ਦੇਖੀ ਹੈ। “
ਅਗਲੇ ਹੀ ਦਿਨ ਰਾਘਵ ਚੱਢਾ ਨੇ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦੇ ਹੋਏ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਕਿਹਾ, “ਲੰਬੇ ਸਮੇਂ ਤੋਂ ਇਹ ਡਰ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਜ਼ਿਸ਼ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਅੱਜ ਇਹ ਸੱਚ ਹੋ ਗਿਆ।” ਹਾਲਾਂਕਿ, ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਸੋਸ਼ਲ ਮੀਡੀਆ ਉੱਤੇ ਰਾਘਵ ਚੱਢਾ ਵੱਲੋਂ ਦਿਖਾਈ ਸਰਗਰਮੀ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ।
ਉਹ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਹਨ, ਦੀ ਉਦਾਹਰਣ ਦਿੰਦੇ ਹੋਏ, ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ, “ਰਵਨੀਤ ਸਿੰਘ ਬਿੱਟੂ ਵੀ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕਾਂਗਰਸ ਦੇ ਪੱਖ ਵਿੱਚ ਪੋਸਟਾਂ ਲਿਖਦੇ ਸਨ, ਪਰ ਇੱਕ ਦਿਨ ਅਚਾਨਕ ਉਹ ਭਾਜਪਾ ਵਿੱਚ ਚਲੇ ਗਏ। ਇਸ ਲਈ ਸੋਸ਼ਲ ਮੀਡੀਆ ਉੱਤੇ ਕੋਈ ਕੀ ਲਿਖਦਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।”
ਆਮ ਆਦਮੀ ਪਾਰਟੀ ਵਿੱਚ ਰਾਘਵ ਚੱਢਾ ਦੀ ਭੂਮਿਕਾ
ਸਾਲ 2013 ਵਿੱਚ, ਜਦੋਂ ਅੰਨਾ ਹਜ਼ਾਰੇ ਦਾ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਆਪਣੇ ਆਖਰੀ ਪੜਾਅ ਵਿੱਚ ਸੀ, ਰਾਘਵ ਚੱਢਾ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਹੋਈ। ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਰਾਘਵ ਚੱਢਾ ਉਸ ਸਮੇਂ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹ ਕੇ ਭਾਰਤ ਪਰਤੇ ਸੀ।
ਡੇਲੀ ਓ ਦੀ ਇੱਕ ਰਿਪੋਰਟ ਅਨੁਸਾਰ, ਪਾਰਟੀ ਵਿੱਚ ਰਾਘਵ ਚੱਢਾ ਦਾ ਪਹਿਲਾ ਕੰਮ ਐਡਵੋਕੇਟ ਰਾਹੁਲ ਮਹਿਰਾ ਦੀ ਸਹਾਇਤਾ ਕਰਨਾ ਸੀ, ਜਿਸ ਨੇ ਦਿੱਲੀ ਜਨਲੋਕਪਾਲ ਬਿੱਲ ਦਾ ਖਰੜਾ ਤਿਆਰ ਕੀਤਾ ਸੀ। ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੇ ਸੌਂਪੀ ਸੀ।
ਰਾਘਵ ਚੱਢਾ ਪਾਰਟੀ ਦੇ ਸਭ ਤੋਂ ਨੌਜਵਾਨ ਬੁਲਾਰੇ ਬਣ ਗਏ ਅਤੇ ਥੋੜ੍ਹੇ ਸਮੇਂ ਵਿੱਚ ਹੀ ਰਾਘਵ ਚੱਢਾ ਟੈਲੀਵਿਜ਼ਨ ਉੱਤੇ ਆਮ ਆਦਮੀ ਪਾਰਟੀ ਦਾ ਚਿਹਰਾ ਬਣ ਚੁੱਕੇ ਸਨ। ਆਮ ਆਦਮੀ ਪਾਰਟੀ ਦੀ ਵੈੱਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਘਵ ਸਾਲ 2013 ਵਿੱਚ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾਉਣ ਵਾਲੀ ਟੀਮ ਦੇ ਮੈਂਬਰ ਸੀ। ਕੁਝ ਸਮੇਂ ਲਈ ਉਨ੍ਹਾਂ ਨੂੰ ਪਾਰਟੀ ਦਾ ਖਜ਼ਾਨਚੀ ਵੀ ਬਣਾਇਆ ਗਿਆ।
ਰਾਘਵ ਚੱਢਾ, ਜੋ ਇੱਕ ਦਹਾਕਾ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਟੀਮ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਏ, ਹੁਣ ਉਨ੍ਹਾਂ ਦੇ ਸਭ ਤੋਂ ਭਰੋਸੇਮੰਦ ਰਣਨੀਤੀਕਾਰਾਂ ਵਿੱਚ ਗਿਣੇ ਜਾਂਦੇ ਹਨ। ਸਾਲ 2019 ਵਿੱਚ, ਰਾਘਵ ਚੱਢਾ ਨੇ ਦੱਖਣੀ ਦਿੱਲੀ ਦੀ ਸੰਸਦੀ ਸੀਟ ਲਈ ਚੋਣ ਲੜੀ ਸੀ, ਪਰ ਉਹ ਅਸਫਲ ਰਹੇ ਸਨ। ਇਸ ਤੋਂ ਬਾਅਦ ਉਹ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਦੀ ਰਾਜਿੰਦਰ ਨਗਰ ਸੀਟ ਤੋਂ ਜਿੱਤੇ।
ਮਾਰਚ 2022 ਵਿੱਚ, ਰਾਘਵ ਚੱਢਾ ਅਤੇ ਚਾਰ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਉਸ ਸਮੇਂ ਰਾਘਵ ਚੱਢਾ ਦੀ ਉਮਰ 33 ਸਾਲ ਸੀ ਅਤੇ ਉਹ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਬਣੇ ਸਨ। ਮੰਨਿਆ ਜਾ ਰਿਹਾ ਹੈ ਕਿ ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਵਿੱਚ ਰਾਘਵ ਚੱਢਾ ਨੇ ਅਹਿਮ ਭੂਮਿਕਾ ਨਿਭਾਈ ਸੀ।
ਪੰਜਾਬ ਦੀ ਕਾਮਯਾਬੀ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ 2022 ਦੇ ਅੰਤ ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਅਤੇ ਉਨ੍ਹਾਂ ਨੂੰ ਸਹਿ-ਇੰਚਾਰਜ ਬਣਾਇਆ।