ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਅੰਦਰ ਆਉਂਦੇ ਕੋਟਕਪੂਰਾ ਵਿੱਚ ਪੈਂਦੇ ਪੰਜਗਰਾਈਂ ਖੁਰਦ ਨੇੜੇ ਅੱਜ ਸਵੇਰੇ ਤੜਕੇ 2 ਵਜੇ ਦੇ ਕਰੀਬ ਭਿਆਨਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਅਤੇ 8 ਲੋਕ ਹੋਏ ਜ਼ਖ਼ਮੀ । ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਵਿਅਕਤੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਤੋਂ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿੱਚ ਪੈਂਦੇ ਪਿੰਡ ਨਿਗਾਹਾਂ ਵਿਖੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਟਾਟਾ ਏਸ ਗੱਡੀ ਤੇ ਸਵਾਰ ਹੋ ਕੇ ਆ ਰਹੇ ਸਨ। ਉਸ ਦੌਰਾਨ ਪੰਜਗਰਾਈਂ ਨੇੜੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ।
ਇਸ ਭਿਆਨਕ ਹਾਦਸੇ ਵਿੱਚ ਦੋ ਮਹਿਲਾਵਾਂ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਕਰੀਬ 8 ਲੋਕ ਜ਼ਖਮੀ ਹੋਏ ਹਨ। ਜ਼ਖਮੀ ਲੋਕਾਂ ਨੂੰ ਕੋਟਕਪੂਰਾ ਅਤੇ ਫਰੀਦਕੋਟ ਦੇ ਹਸਪਤਾਲਾਂ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ (38), ਲਵਪ੍ਰੀਤ (22), ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ (36), ਕਰਮਜੀਤ ਕੌਰ ਪਤਨੀ ਸੁਖਚੈਨ ਸਿੰਘ (35), ਦੀਪਕ ਕੁਮਾਰ (27) ਸ਼ਾਮਲ ਹਨ। ਸਾਰੇ ਮ੍ਰਿਤਕ ਮੁਕਤਸਰ ਦੇ ਪਿੰਡ ਮਰਾੜ ਕਲਾਂ ਦੇ ਰਹਿਣ ਵਾਲੇ ਹਨ।