ਪੰਜਾਬ ਦੇ ਲੁਧਿਆਣਾ ਵਿੱਚ ਸਾਲ 2021 ਦੌਰਾਨ ਇੱਕ ਔਰਤ ਨੇ ਢਾਈ ਸਾਲਾਂ ਦੀ ਬੱਚੀ ਦਿਲਰੋਜ਼ ਨੂੰ ਅਗਵਾਹ ਕਰਕੇ ਕਤਲ ਕਰ ਦਿੱਤਾ ਸੀ। ਉਸ ਕੇਸ ਵਿੱਚ ਅਦਾਲਤ ਨੇ ਉਸ ਗੁਆਂਢਣ ਨੀਲਮ ਨੂੰ ਬੱਚੀ ਦੇ ਕਤਲ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ।
ਇਸ ਦੌਰਾਨ ਬੱਚੀ ਦਾ ਪਿਤਾ ਵਕੀਲ ਦਾ ਧੰਨਵਾਦ ਕਰਨ ਲਈ ਉਸ ਦੇ ਪੈਰਾਂ ਉਤੇ ਲੇਟ ਗਿਆ। ਇਹ ਬੜੇ ਭਾਵੁਕ ਕਰਨ ਵਾਲੇ ਪਲ ਸਨ। ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਮੀਡੀਆ ਨਾਲ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਢਾਈ ਸਾਲ ਬਾਅਦ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਣਯੋਗ ਅਦਾਲਤ ਦੇ ਸੈਸ਼ਨ ਜੱਜ ਮਨੀਸ਼ ਸਿੰਗਲਾ ਅੱਗੇ ਸਾਰੇ ਤੱਥ ਪੇਸ਼ ਕੀਤੇ ਸਨ। ਮਾਣਯੋਗ ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਔਰਤ ਨੇ ਆਪਣੇ ਹੱਕ ਵਿੱਚ ਬਿਆਨ ਦਿੱਤਾ ਸੀ ਕਿ ਉਸ ਦੇ ਛੋਟੇ ਬੱਚੇ ਹਨ ਅਤੇ ਉਸ ਨੇ ਆਪਣੀ ਗਲਤੀ ਵੀ ਮੰਨ ਲਈ ਹੈ ਪਰ ਮਾਣਯੋਗ ਅਦਾਲਤ ਨੇ ਨੀਲਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ।