ਪੰਜਾਬ ਦੇ ਅੰਮ੍ਰਿਤਸਰ ਅਧੀਨ ਆਉਂਦੇ ਲੋਪੋਕੇ ਵਿੱਚ ਪੈਂਦੇ ਪਿੰਡ ਭੱਟੇਵੜ ਚ ਭਾਜਪਾ ਵਰਕਰਾਂ ਨੇ ਵਿਰੋਧ ਕਰਨ ਗਏ ਕਿਸਾਨਾਂ ਤੇ ਕੀਤਾ ਹਮਲਾ। ਅੰਮ੍ਰਿਤਸਰ ‘ਚ ਬੀਜੇਪੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਆਏ ਕਿਸਾਨਾਂ ‘ਤੇ ਭਾਜਪਾ ਵਰਕਰਾਂ ਨੇ ਪਥਰਾਅ ਕਰ ਦਿੱਤਾ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ। ਭਾਜਪਾ ਵਰਕਰਾਂ ਵੱਲੋਂ ਕੀਤੇ ਪਥਰਾਅ ਵਿੱਚ ਅੱਧੀ ਦਰਜਨ ਦੇ ਕਰੀਬ ਕਿਸਾਨ ਜ਼ਖਮੀ ਹੋ ਗਏ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਐਸਐਸਪੀ ਦਿਹਾਤੀ ਦਫ਼ਤਰ ਦੇ ਘਿਰਾਓ ਦਾ ਐਲਾਨ ਕਰ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ। ਅੰਮ੍ਰਿਤਸਰ ‘ਚ ਲੋਪੋਕੇ ਅਧੀਨ ਪੈਂਦੇ ਪਿੰਡ ਭੱਟੇਵੜ ‘ਚ ਭਾਜਪਾ ਆਗੂ ਮੁਖਵਿੰਦਰ ਸਿੰਘ ਮਾਹਲ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਸੂਚਨਾ ਮਿਲਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਝੰਡੇ ਲੈ ਕੇ ਪੁੱਜ ਗਏ। ਇਸ ਤੋਂ ਬਾਅਦ ਪਿੰਡ ਭਿੱਟੇਵੱਡ ਦੇ ਮੁੱਖ ਭਾਜਪਾ ਪ੍ਰਚਾਰਕ ਮੁਖਤਿਆਰ ਸਿੰਘ, ਅਨੂਪ ਸਿੰਘ, ਜਗਬੀਰ ਸਿੰਘ ਤੇ ਤਜਿੰਦਰ ਸਿੰਘ ਨੇ ਕਿਸਾਨਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਬਹਿਸ ਦੌਰਾਨ ਦੋਵਾਂ ਧਿਰਾਂ ਗਾਲੀ-ਗਲੋਚ ਤੇ ਫਿਰ ਧੱਕਾ-ਮੁੱਕੀ ਤੱਕ ਪਹੁੰਚ ਗਈਆਂ। ਪੁਲਿਸ ਨੇ ਦੋਵਾਂ ਧਿਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕਿਸਾਨਾਂ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਘਟਨਾ ਸਮੇਂ ਕਿਸਾਨਾਂ ਨੂੰ ਬਚਾਅ ਲਈ ਭੱਜਣਾ ਪਿਆ। ਘਟਨਾ ਵਿੱਚ ਗੁਰਵੇਲ ਸਿੰਘ ਢੋਲ, ਪ੍ਰਗਟ ਸਿੰਘ ਖਿਆਲ, ਬਲਕਾਰ ਸਿੰਘ ਕਾਲੇ ਘਣੂਪੁਰ ਆਦਿ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਹਸਪਤਾਲ ਪਹੁੰਚ ਕੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਵਿਚਕਾਰ ਖੜ੍ਹੀ ਰਹੀ, ਜਿਸ ਦਾ ਫਾਇਦਾ ਉਠਾਉਂਦਿਆਂ ਭਾਜਪਾ ਵਰਕਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਪਥਰਾਅ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਨਾਰਾਜ਼ ਕਿਸਾਨ ਹੁਣ ਅੱਜ ਐਸਐਸਪੀ ਦਿਹਾਤੀ ਦਫ਼ਤਰ ਪਹੁੰਚ ਕੇ ਘੇਰਾਓ ਕਰਨਗੇ। ਜਦੋਂ ਤੱਕ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਕਿਸਾਨ ਆਪਣਾ ਧਰਨਾ ਜਾਰੀ ਰੱਖਣਗੇ।