ਬਾਘਾ ਪੁਰਾਣਾ 9 ਮਾਰਚ ( ਨਿਰਮਲ ਸਿੰਘ ਕਲਿਆਣ ) ਬੀਤੇ ਦਿਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬੇਵਜ੍ਹਾ ਹਟਾਇਆ ਜਾਣਾ ਸਮੁੱਚੇ ਖ਼ਾਲਸਾ ਪੰਥ ਲਈ ਬਹੁਤ ਮੰਦਭਾਗਾ ਅਤੇ ਚਿੰਤਾਜਨਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਰਜਿੰਦਰ ਸਿੰਘ ਉਰਫ਼ ਮੱਖਣ ਬਰਾੜ ਵੱਲੋਂ ਤੱਤਕਾਲੀ ਬੁਲਾਈ ਗਈ ਸਿਆਸੀ ਸਿੱਖ ਆਗੂਆਂ ਦੀ ਵਿਸ਼ੇਸ਼ ਮੀਟਿੰਗ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪਾਉਂਦਿਆਂ ਕੀਤੀ ਗੱਲਬਾਤ ਵਿੱਚ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਥਕ ਮਸਲਿਆਂ ਉਪਰ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਵਿੱਚ ਮੋਗਾ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਣੂੰਕੇ, ਅਮਰਜੀਤ ਸਿੰਘ ਲੰਡੇਕੇ, ਗੁਰਜੰਟ ਸਿੰਘ ਭੁੱਟੋ ਰੋਡੇ, ਸੁਖਵਿੰਦਰ ਸਿੰਘ ਦਾਤੇ ਵਾਲਾ,ਦੀਪ ਇੰਦਰ ਸਿੰਘ ਸੰਧੂ,ਗੁਰਮੀਤ ਸਿੰਘ ਗਗੜਾ ਅਤੇ ਪ੍ਰਵਾਸੀ ਪੰਜਾਬੀ ਬਚਿੱਤਰ ਸਿੰਘ ਘੋਲੀਆ ਆਦਿ ਨੇ ਸ਼ਮੂਲੀਅਤ ਕੀਤੀ।
SOI ਦੇ ਕੌਮੀ ਜਨਰਲ ਸਕੱਤਰ ਇੰਦਰਜੀਤ ਸਿੰਘ, ਬਲਤੇਜ ਸਿੰਘ ਲੰਗੇਆਣਾ ਨੇ ਕਿਹਾ ਕਿ ਇਸ ਘਟਨਾ ਕ੍ਰਮ ਨੇ ਸਿੱਖਾਂ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ।ਇਸ ਫੈਸਲੇ ਨਾਲ ਪਟਿਆਲਾ, ਝੁਨੀਰ ਅਤੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਰੋਸ਼ ਵਜੋਂ ਅਕਾਲੀ ਆਗੂਆਂ ਵੱਲੋਂ ਦਿੱਤੇ ਗਏ ਅਸਤੀਫਿਆਂ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ ਸਮਰਪਣ ਭਾਵਨਾ ਉਭਰ ਕੇ ਸਾਹਮਣੇ ਆ ਰਹੀ ਹੈ। ਅਤੇ ਸਰਬੱਤ ਖਾਲਸਾ ਸੱਦਣ ਦੀ ਮੰਗ ਵੀ ਤੇਜ਼ੀ ਨਾਲ ਜ਼ੋਰ ਫੜ ਰਹੀ ਹੈ।
ਉਕਤ ਤੋਂ ਇਲਾਵਾ ਸਿੱਖ ਸਿਆਸੀ ਆਗੂਆਂ ਵੱਲੋਂ ਸਾਡੇ ਪੱਤਰਕਾਰ ਨਾਲ ਫੋਨ ਤੇ ਸੰਪਰਕ ਕਰਦਿਆਂ ਕਿਹਾ ਗਿਆ ਕਿ ਇਕ ਪਰਿਵਾਰ ਸਿੱਖ ਕੌਮ ਦਾ ਮੁਖੌਟਾ ਪਹਿਣਕੇ ਸਿੱਖ ਜਗਤ ਦੀਆਂ ਸਰਵਉਚ ਸੰਸਥਾਵਾਂ ਦਾ ਰਾਜਸੀ ਹਿਤਾਂ ਦੀ ਪੂਰਤੀ ਲਈ ਘਾਣ ਕਰ ਰਿਹਾ ਹੈ ਜਿਸ ਦੇ ਫਲਸਰੂਪ ਜਥੇਦਾਰ ਨੂੰ ਇਹ ਕਹਿ ਕੇ ਅਹੁਦੇ ਤੋਂ ਲਾਂਭੇ ਕੀਤਾ ਹੈ ਕਿ ਉਹ ਇਸ ਅਹੁਦੇ ਦੇ ਯੋਗ ਨਹੀ ਹਨ ਜਦਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਹਨ। ਉਨ੍ਹਾਂ ਕਿਹਾ ਕਿ ਕੇਵਲ ਇਕ ਪਰਿਵਾਰ ਤੇ ਭਗੌੜੇ ਦਲ ਦੀ ਬੁੱਢੀ ਲੀਡਰਸਿਪ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਜੀ ਦੇ ਅਦੇਸ਼ਾਂ ਨੂੰ ਲਾਗੂ ਨਾ ਹੋਣ ਦੇਣ ਵਾਸਤੇ ਅੰਤ੍ਰਿੰਗ ਕਮੇਟੀ ਨੇ ਅਜਿਹਾ ਕੀਤਾ ਹੈ । ਜਿਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਹੁਦੇ ਤੋਂ ਬਰਖਾਸਤ ਕਰਨਾ, ਸਿੱਖ ਇਤਿਹਾਸ ਲਈ ਦੁਖਦਾਈ ਅਤੇ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ।
ਇਨ੍ਹਾਂ ਆਗੂਆ ਨੇ ਕਿਹਾ ਕਿ ਦੇਸ ਵਿਦੇਸ ਦੀਆਂ ਸਿੱਖ ਸੰਗਤਾਂ, ਜਥੇਬੰਦੀਆਂ, ਸੰਪਰਦਾਵਾਂ, ਦਲ ਪੰਥ, ਉਦਾਸੀ, ਨਿਰਮਲੇ ਸਿੰਘ ਸੰਭਾਵਾਂ ਨੂੰ ਅੱਗੇ ਆ ਕੇ ਇਨ੍ਹਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਸਮੁੱਚੀ ਸਿੱਖ ਕੌਮ ਅਪਣੀਆਂ ਧਾਰਮਕ ਪਰੰਪਰਾਵਾਂ ਤੇ ਮਾਣ-ਸਨਮਾਨ ਦੀ ਰੱਖਿਆ ਲਈ ਇਕਜੁਟ ਹੋ ਜਾਵੇ। ਇਸ ਤਰ੍ਹਾਂ ਦੇ ਘਟਨਾਕ੍ਰਮ ਦਾ ਵਿਰੋਧ ਕਰਨਾ ਹੋਵੇਗਾ। ਨਾਲ ਹੀ ਉਨ੍ਹਾਂ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਵਲੋਂ ਲਏ ਗਏ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਸੁਣਾਏ ਗਏ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ। ਜੇ ਇਹ ਫੈਸਲੇ ਲਾਗੂ ਨਹੀਂ ਹੁੰਦੇ ਜਾਂ ਬਦਲੇ ਜਾਂਦੇ ਹਨ ਤਾਂ ਪੰਥ ਕਦੇ ਵੀ ਪ੍ਰਵਾਨ ਨਹੀ ਕਰੇਗਾ।
ਕਿਉਂਕਿ ਅਕਾਲ ਤਖ਼ਤ ਗੁਰੂ ਹਰਗੋਬਿੰਦ ਜੀ ਦੁਆਰਾ ਸਥਾਪਿਤ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੀ ਇਮਾਰਤ ਹੈ, ਜੋ ਰਾਜਨੀਤਿਕ ਪ੍ਰਭੂਸੱਤਾ ਦੇ ਪ੍ਰਤੀਕ ਵਜੋਂ ਹੈ ਅਤੇ ਜਿੱਥੇ ਸਿੱਖ ਲੋਕਾਂ ਦੀਆਂ ਅਧਿਆਤਮਿਕ ਅਤੇ ਅਸਥਾਈ ਚਿੰਤਾਵਾਂ ਦਾ ਹੱਲ ਕੀਤਾ ਜਾ ਸਕਦਾ ਹੈ।
ਇੱਥੇ ਜ਼ਿਕਰਯੋਗ ਹੈ ਕੀ ਬਾਦਲ ਪਰਿਵਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਉਪਰੰਤ ਸਮੂਹ ਸਿੱਖ ਸੰਗਤਾਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਰੋਸ਼ ਦਰਜ ਕਰਵਾਇਆ ਜਾ ਰਿਹਾ ਹੈ। ਉਥੇ ਬਰਜਿੰਦਰ ਸਿੰਘ ਬਰਾੜ ਵੱਲੋਂ ਤਾਂ ਆਉਂਦੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਇਕੱਠ ਕਰਨ ਦੇ ਨਾਲ ਨਾਲ ਮਨਪ੍ਰੀਤ ਸਿੰਘ ਇਯਾਲੀ ਨੂੰ ਸਿੱਧੇ ਸ਼ਬਦਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ।
ਬਾਦਲ ਗਰੁੱਪ ਦੇ ਆਗੂ ਦਾ ਕੀ ਕਹਿਣਾ
ਬਾਘਾਪੁਰਾਣਾ ਹਲਕੇ ਦੇ ਸਾਬਕਾ ਸਰਪੰਚ ਰਣਧੀਰ ਸਿੰਘ ਥਰਾਜ ਨੇ ਕਿਹਾ ਸਿੱਖ ਸੰਗਤ ਨੂੰ ਪੰਥਕ ਮਸਲਿਆਂ ਵਿੱਚ ਉਲਝਾਕੇ ਸ਼੍ਰੋਮਣੀ ਅਕਾਲੀ ਦਲ ਨੂੰ ਖੋਖਲਾ ਕਰਨ ਲਈ ਵਿਰੋਧੀ ਤਾਕਤਾਂ ਵੱਲੋਂ ਖੇਡੀ ਜਾਣ ਵਾਲੀ ਇੱਕ ਵੱਡੀ ਅਤੇ ਮੰਦਭਾਗੀ ਖੇਡ ਹੈ। ਜਿਸ ਨੂੰ ਸਿੱਖ ਧਰਮ ਦੀ ਆੜ੍ਹ ਹੇਠ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜਿਆ ਐਸੀ ਸਮਾਜ ਦਾ ਹਰ ਵਿਅਕਤੀ ਬਾਦਲ ਦਲ ਨਾਲ ਚਟਾਨ ਵਾਂਗ ਖੜ੍ਹਾ ਹੈ।
ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਕੀ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲੋਂ ਸਿਆਸੀ ਧੜਾ ਜਾ ਇੱਕ ਵਿਅਕਤੀ ਵਿਸ਼ੇਸ਼ ਮਹਾਨ ਹੈ ਜਾਂ ਵੱਧ ਅਹਿਮੀਅਤ ਵਾਲਾ ਹੈ ? ਕੀ ਹੁਣ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਣ ਵਾਲੇ ਅਕਾਲੀ ਆਗੂ ਸਿੱਖ ਸਿਧਾਂਤਾਂ ਨੂੰ ਅੱਖੋ ਪਰੋਖੇ ਕਰਕੇ ਇੱਕ ਵਿਅਕਤੀ ਵਿਸ਼ੇਸ਼ ਦਾ ਪੱਲਾ ਹੋਰ ਘੁੱਟ ਕੇ ਫੜਨਗੇ ਜਾਂ ਸਿੱਖ ਮਰਿਆਦਾ ਤਹਿਤ ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਰਸਾਏ ਰਾਹ ਉਪਰ ਤੁਰਕੇ ਗੁਰੂ ਸਾਹਿਬਾਨਾਂ ਦੇ ਬੋਲ ਪੁਗਾਉਣਗੇ ।
ਇਹ ਸਮੇਂ ਦੀ ਗੱਲ ਹੋਵੇਗੀ ਪ੍ਰੰਤੂ ਹੁਣ ਹਰ ਸਿੱਖ ਲਈ ਇਹ ਸ਼ਬਦ ਵੰਗਾਰ ਬਣਕੇ ਸਭ ਨੂੰ ਝੰਜੋੜਗੇ ਕਿ “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ।।