ਪੰਜਾਬ ਦੇ ਫਰੀਦਕੋਟ ਵਿੱਚ ਬਣੀ ਜੇਲ੍ਹ ਦੀ ਚੈਕਿੰਗ ਕਰਨ ਤੋਂ ਬਾਅਦ ਹਵਾਲਾਤੀਆਂ ਨਸ਼ੀਲਾ ਪਾਊਡਰ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਵਿੱਚ ਸਟਾਫ ਨੇ ਚੈਕਿੰਗ ਕੀਤੀ ਤਾਂ ਉਸ ਸਮੇਂ ਹਵਾਲਾਤੀਆਂ ਤੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁੱਛਗਿੱਛ ਦੌਰਾਨ ਹਵਾਲਾਤੀਆਂ ਨੇ ਕਬੂਲਿਆ ਕਿ ਜੇਲ੍ਹ ਵਿੱਚ ਤਾਇਨਾਤ ਹੋਮਗਾਰਡ ਬਾਹਰ ਤੋਂ ਨਸ਼ਾ ਜੇਲ੍ਹ ਦੇ ਅੰਦਰ ਪਹੁੰਚਾਉਂਦਾ ਹੈ।
ਥਾਣਾ ਸਿਟੀ ਪੁਲਿਸ ਨੇ ਦੋਵੇਂ ਹਵਾਲਾਤੀਆਂ ਦੇ ਨਾਲ ਹੋਮਗਾਰਡ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜੇਲ੍ਹ ਅਧਿਕਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਤਫ਼ਤੀਸ਼ ਦੌਰਾਨ ਬਲਾਕ 11 ਦੀ ਬੈਰਕ-3 ਵਿੱਚ ਬੰਦ ਮੁਲਜ਼ਮ ਕੁਲਦੀਪ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਧੀਰਵਾਲ ਜ਼ਿਲ੍ਹਾ ਗੁਰਦਾਸਪੁਰ ਕੋਲੋਂ 95 ਗ੍ਰਾਮ ਨਸ਼ੀਲਾ ਪਦਾਰਥ ਅਤੇ ਕੋਟਕਪੂਰਾ ਦੇ ਰਹਿਣ ਵਾਲੇ ਮੋਹਿਤ ਕੁਮਾਰ ਪਾਸੋਂ 80 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਟਾਵਰ ‘ਤੇ ਤਾਇਨਾਤ ਹੋਮਗਾਰਡ ਗੁਰਮੁੱਖ ਸਿੰਘ ਵਾਸੀ ਪਿੰਡ ਰਣ ਸਿੰਘ ਵਾਲਾ ਜੇਲ੍ਹ ‘ਚ ਬੰਦ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਦਾ ਸੀ। ਉਹ ਬਾਹਰੋਂ ਆਏ ਲੋਕਾਂ ਨਾਲ ਸੰਪਰਕ ਕਰਦਾ ਹੈ ਅਤੇ ਡਿਊਟੀ ਦੌਰਾਨ ਜੇਲ੍ਹ ਦੇ ਅੰਦਰ ਹੀ ਨਸ਼ੀਲੇ ਪਦਾਰਥ ਸੁੱਟਦਾ ਹੈ।
ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਹੋਮਗਾਰਡ ਗੁਰਮੁੱਖ ਸਿੰਘ ਸਮੇਤ ਦੋਵੇਂ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੋਮਗਾਰਡ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਹੁਣ ਉਸ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਇਹ ਸਾਮਾਨ ਜੇਲ੍ਹ ਵਿੱਚ ਸੁੱਟਣ ਵਾਲਿਆਂ ਦਾ ਪਤਾ ਲੱਗ ਜਾਵੇਗਾ।