ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਨਿੱਜੀ ਚੈਨਲ ਤੇ ਦਿੱਤੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੇ ਤੇਵਰ ਦਿਖਾਉਂਦਿਆਂ ਚੰਡੀਗੜ੍ਹ ਰਿਹਾਇਸ਼ ਤੇ ਪੁੱਛ ਪੜਤਾਲ ਲਈ ਪੁਲੀਸ ਭੇਜ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਲੰਘੇ ਦਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਿੱਜੀ ਚੈਨਲ ਤੇ ਬੰਬਾ ਬਾਰੇ ਬਿਆਨ ਦਿੱਤਾ ਸੀ। ਉਸ ਤੋਂ ਬਾਅਦ ਪੰਜਾਬ ਪੁਲੀਸ ਦੇ ਦੋ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੇ ਪਹੁੰਚ ਕੇ ਪੁੱਛ ਪੜਤਾਲ ਕੀਤੀ ਗਈ ਅਤੇ ਉਨ੍ਹਾਂ ਸੂਤਰਾਂ ਬਾਰੇ ਵੀ ਜਾਣਕਾਰੀ ਮੰਗੀ ਗਈ। ਪਰ ਥੋੜੇ ਸਮੇਂ ਬਾਅਦ ਦੋਵੇਂ ਅਧਿਕਾਰੀ ਪੁੱਛ ਪੜਤਾਲ ਕਰਕੇ ਉਥੋਂ ਚਲੇ ਗਏ।
ਦੂਜੇ ਪਾਸੇ AIG ਕਾਊਂਟਰ ਇੰਟੈਲੀਜੈਂਸ ਰਵਜੋਤ ਕੌਰ ਅਨੁਸਾਰ ਇਹ ਮਾਮਲਾ ਹੈਂਡ ਗ੍ਰੇਨੇਡ ਦੀ ਸਰਕੂਲੇਸ਼ਨ ਦੇ ਬਿਆਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ।
ਬਾਜਵਾ ਨਹੀਂ ਕਰ ਰਹੇ ਸਹਿਯੋਗ : ਕਾਊਂਟਰ ਇੰਟੈਲੀਜੈਂਸ
ਰਵਜੋਤ ਗਰੇਵਾਲ ਨੇ ਕਿਹਾ, “ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਪੰਜਾਬ ਵਿੱਚ 50 ਹੈਂਡ ਗ੍ਰੇਨੇਡ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 32 ਅਜੇ ਵੀ ਸਰਕੂਲੇਸ਼ਨ ਵਿੱਚ ਹਨ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਜਾਣਕਾਰੀ ਸੀ, ਜੋ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਹੈ। ਅਸੀਂ ਇਸ ਜਾਣਕਾਰੀ ਦੇ ਸਰੋਤ ਤੱਕ ਪਹੁੰਚਣਾ ਚਾਹੁੰਦੇ ਸੀ, ਇਸ ਲਈ ਅਸੀਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ, ਪਰ ਉਨ੍ਹਾਂ ਨੇ ਸਹਿਯੋਗ ਨਹੀਂ ਕੀਤਾ।”
ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਦਾਅਵਾ
ਉਧਰ, ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਦਸਤਕ ਦਿੱਤੇ ਜਾਣ ਦੇ ਮਾਮਲੇ ਵਿੱਚ ਕਿਹਾ, “ਮੈਂ ਇੱਕ ਟੀਵੀ ਚੈਨਲ ਨੂੰ ਬਿਆਨ ਦਿੱਤਾ ਸੀ ਕਿ ਮੈਨੂੰ ਆਪਣੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਬੰਬ ਆ ਗਏ ਹਨ। 18 ਬੰਬ ਫਟ ਗਏ ਹਨ ਅਤੇ 30-32 ਹੋਰ ਬੰਬ ਵਰਤੇ ਜਾਣੇ ਹਨ। ਮੇਰੇ ਸਰੋਤ ਨੇ ਮੈਨੂੰ ਚੇਤਾਵਨੀ ਦਿੱਤੀ ਸੀ ਕਿ ਮੈਂ ਇੱਕ ਮਹੱਤਵਪੂਰਨ ਅਹੁਦੇ ‘ਤੇ ਹਾਂ, ਇਸ ਲਈ ਮੈਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਮੈਂ ਕਾਊਂਟਰ ਇੰਟੈਲੀਜੈਂਸ ਟੀਮ ਨਾਲ ਪੂਰਾ ਸਹਿਯੋਗ ਕੀਤਾ ਹੈ ਅਤੇ ਅਜਿਹਾ ਕਰਦਾ ਰਹਾਂਗਾ। ਸਾਡਾ ਕੰਮ ਲੋਕਾਂ ਨੂੰ ਬਚਾਉਣਾ ਅਤੇ ਪੰਜਾਬ ਸਰਕਾਰ ਦੀ ਮਦਦ ਕਰਨਾ ਹੈ।”
ਮੈਂ ਟੀਮ (ਕਾਊਂਟਰ ਇੰਟੈਲੀਜੈਂਸ) ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਮੈਂ ਆਪਣੇ ਸਰੋਤਾਂ ਦਾ ਖੁਲਾਸਾ ਨਹੀਂ ਕਰਾਂਗਾ। ਮੈਂ ਜੋ ਵੀ ਜਾਣਕਾਰੀ ਦੇ ਸਕਦਾ ਸੀ, ਮੈਂ ਏਆਈਜੀ ਮੈਡਮ ਨੂੰ ਦੇ ਦਿੱਤੀ। ਪਰ ਮੀਡੀਆ ਖੁਫੀਆ ਟੀਮ ਤੋਂ ਪਹਿਲਾਂ ਪਹੁੰਚ ਗਿਆ, ਇਸ ਲਈ ਇਹ ਸਭ ਆਮ ਆਦਮੀ ਪਾਰਟੀ ਦਾ ਡਰਾਮਾ ਹੈ। ਇਹ ਸਰਕਾਰ ਪਿੱਛੇ ਹਟ ਗਈ ਹੈ।”
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਇੱਕ ਨਿੱਜੀ ਅਖ਼ਬਾਰ ਵਿੱਚ ਇਸ ਸਬੰਧੀ ਖਬ਼ਰ ਵੀ ਛਪੀ ਸੀ, ਜਿਸ ਵਿੱਚ ਸੂਤਰਾਂ ਅਨੁਸਾਰ ਪਾਕਿਸਤਾਨ ਤੋਂ 55 ਹੈਂਡ ਗ੍ਰੇਨੇਡ ਆਉਣ ਬਾਰੇ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 9 ਅਜੇ ਵੀ ਸਰਕੂਲੇਸ਼ਨ ਵਿੱਚ ਹੋਣ ਦੀ ਗੱਲ ਕਹੀ ਗਈ ਸੀ।
ਮੁੱਖ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਦਿੱਤਾ ਵੱਡਾ ਬਿਆਨ
ਭਗਵੰਤ ਮਾਨ ਨੇ ਇਸ ਮੁੱਦੇ ਉੱਤੇ ਵੀਡੀਓ ਸਾਂਝੀ ਕਰਦਿਆਂ ਆਖਿਆ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ 50 ਬੰਬਾਂ ਦੀ ਗੱਲ ਕਹੀ ਜਾ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਇਸ ਗੱਲ ਦੀ ਪੁਸ਼ਟੀ ਕਰਨ ਕਿ ਪੰਜਾਬ ਵਿੱਚ ਕਿੱਥੇ ਬੰਬ ਪਏ ਨੇ। ਨਹੀਂ ਤਾਂ ਝੂਠੀ ਜਾਣਕਾਰੀ ਦੇਣ ਤੇ ਦਹਿਸ਼ਤ ਫੈਲਾਉਣ ਦੇ ਮਾਮਲੇ ‘ਤੇ ਪ੍ਰਤਾਪ ਬਾਜਵਾ ‘ਤੇ ਕਾਰਵਾਈ ਦੇ ਪੁਲਿਸ ਨੂੰ ਆਦੇਸ਼ ਜਾਰੀ ਕਰ ਦਿੱਤੇ ਜਾਣਗੇ।
PUNJAB




INDIA








WORLD










