ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਬੰਬਾਂ ਵਾਲੇ ਬਿਆਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਸਹਿਯੋਗ ਨਾ ਦੇਣ ਨੂੰ ਲੈ ਕੇ ਆਪ ਪਾਰਟੀ ਵੱਲੋਂ ਲਗਾਤਾਰ ਬਾਜਵਾ ਨਿਸ਼ਾਨੇ ਤੇ ਲਿਆ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਮੋਹਾਲੀ ਸਾਈਬਰ ਪੁਲਿਸ ਸਟੇਸ਼ਨ ਪਹੁੰਚ ਗਏ ਹਨ। ਦੂਜੇ ਪਾਸੇ ਕਾਂਗਰਸ ਦੇ ਵਰਕਰਾਂ ਵੱਲੋਂ ਪੁਲਿਸ ਸਟੇਸ਼ਨ ਦੇ ਸਾਹਮਣੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਮੇਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਹੁੰਚ ਗਏ ਹਨ। ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਵਿਰੁੱਧ 14 ਅਪ੍ਰੈਲ ਨੂੰ ਮੋਹਾਲੀ ਸਾਈਬਰ ਪੁਲਿਸ ਸਟੇਸ਼ਨ ਵਿੱਚ ਬੰਬਾਂ ਸੰਬੰਧੀ ਦਿੱਤੇ ਬਿਆਨ ਲਈ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਸਨੇ ਅਦਾਲਤ ਤੋਂ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਰਾਜਨੀਤੀ ਦੇ ਹਿੱਸੇ ਵਜੋਂ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਮੀਦ ਹੈ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਬੁੱਧਵਾਰ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਪੋਸਟ ਕੀਤਾ ਹੈ ਤੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠੀਆਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਇਹ ਰਿਕਾਰਡ ‘ਤੇ ਰੱਖ ਰਿਹਾ ਹਾਂ ਕਿ ਮੈਂ ਅੱਜ ਦੁਪਹਿਰ 2 ਵਜੇ ਸਾਈਬਰ ਸੈੱਲ ਜਾਵਾਂਗਾ ਅਤੇ ਆਪਣਾ ਅਧਿਕਾਰਤ ਬਿਆਨ ਦੇਵਾਂਗਾ।
ਇਸ ਦੇ ਨਾਲ ਹੀ, ਆਮ ਆਦਮੀ ਪਾਰਟੀ ਦੇ ਵਰਕਰ ਵੀ ਮੋਹਾਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਹਨ। ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਇੱਥੇ ਹਨ। ‘ਆਪ’ ਨੇ ਨਾਅਰਾ ਦਿੱਤਾ- ਕਾਂਗਰਸ ਅੱਤਵਾਦੀਆਂ ਨਾਲ ਮਿਲੀ ਹੋਈ ਹੈ।
ਦੂਜੇ ਪਾਸੇ, ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਬਾਜਵਾ ਨੂੰ ਬੰਬਾਂ ਬਾਰੇ ਜਾਣਕਾਰੀ ਦੇ ਸਰੋਤ ਦਾ ਖੁਲਾਸਾ ਕਰਨਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਅਜਿਹੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਲੋਕਾਂ ਨੂੰ ਡਰਾਉਂਦੀ ਹੈ।
PUNJAB




INDIA








WORLD










