ਬਾਘਾ ਪੁਰਾਣਾ 24 ਅਪ੍ਰੈਲ (ਨਿਰਮਲ ਸਿੰਘ ਕਲਿਆਣ) : ਪੰਜਾਬ ਵਿੱਚ ਅੱਗ ਲੱਗਣ ਨਾਲ ਜਿਥੇ ਖੜ੍ਹੀ ਕਣਕ ਦੀ ਫ਼ਸਲ ਦਾ ਹਜ਼ਾਰਾਂ ਏਕੜ ਮੱਚਣ ਨਾਲ ਚਿੰਤਾ ਦਾ ਵਿਸ਼ਾ ਬਣਾਇਆਂ ਹੋਇਆ ਹੈ। ਉਥੇ ਪੰਜਾਬ ਸਰਕਾਰ ਅਤੇ ਇੱਕ ਵੀ ਵਿਧਾਇਕ ਅਜੇ ਤੱਕ ਗੰਭੀਰ ਹੁੰਦਾ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਫੌਕੀ ਸ਼ੌਹਰਤ ਲਈ ਸਰਕਾਰ ਦੇ ਨੁਮਾਇੰਦੇ ਸਿਖਿਆ ਕ੍ਰਾਂਤੀ ਦੇ ਨਾਮ ਉਪਰ ਸਰਕਾਰੀ ਸਮਾਗਮਾਂ ਵਿੱਚ ਮਸਰੂਫ ਹਨ । ਕਿਸਾਨੀ ਖੇਤਰ ਵਿੱਚ ਨਿਰਾਸ਼ਾ ਦੇ ਨਾਲ ਨਾਲ ਸਰਕਾਰ ਖ਼ਿਲਾਫ਼ ਨਰਾਜ਼ਗੀ ਵੀ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਸਰਕਾਰ ਦੇ ਨੁਮਾਇੰਦਿਆਂ ਦਾ ਵਿਰੋਧ ਹੋਣ ਦੀਆਂ ਖਬਰਾਂ ਵੀ ਆਏ ਦਿਨ ਪ੍ਰਾਪਤ ਹੋ ਰਹੀਆਂ ਹਨ। ਲੋਕਾਂ ਦਾ ਇਤਰਾਜ਼ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਹੋ ਰਿਹਾ ਨੁਕਸਾਨ ਦੇਖਕੇ ਵੀ ਸਰਕਾਰ ਨੁਕਸਾਨ ਹੋਣ ਵਾਲੇ ਕਿਸਾਨਾਂ ਦਾ ਦਰਦ ਸੁਣਨ ਲਈ ਤਿਆਰ ਨਹੀਂ। ਇਸ ਤਰ੍ਹਾਂ ਜਿਥੇ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਮੇਆਣਾ ਵਿਖੇ ਖੜ੍ਹੀ ਕਣਕ ਨੂੰ ਭਿਆਨਕ ਅੱਗ ਲੱਗਣ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਥੇ ਮੋਗਾ ਦੇ ਅੱਗ ਬੁਝਾਊ ਵਿਭਾਗ ਦੇ ਕੱਚੇ ਮੁਲਾਜ਼ਮ ਗਗਨਦੀਪ ਸਿੰਘ ਵਾਸੀ ਖੋਟੇ ਤਹਿਸੀਲ ਨਿਹਾਲ ਸਿੰਘ ਵਾਲਾ (ਜੋ ਅੱਜ ਕੱਲ੍ਹ ਮੋਗਾ ਵਿਖੇ ਰਹਿੰਦੇ ਹਨ ) ਅੱਗ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਪਿੰਡ ਮਹਿਮਾ ਵਿਖੇ ਲੱਗੀ ਅੱਗ ਨੂੰ ਬੁਝਾਉਣ ਲਈ ਮੋਗਾ ਤੋਂ ਦੋ ਅੱਗ ਬੁਝਾਊ ਗੱਡੀਆਂ ਰਵਾਨਾ ਹੋਈਆਂ ਅਤੇ ਕਣਕ ਨੂੰ ਲੱਗੀ ਅੱਗ ਵਾਲੇ ਸਥਾਨ ਉਪਰ ਪਹੁੰਚ ਕੇ ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਅੱਗ ਬਝਾਉਣ ਲਈ ਜੱਦੋਜਹਿਦ ਕਰਨ ਲੱਗੇ। ਇਥੇ ਜ਼ਿਕਰਯੋਗ ਹੈ ਕਿ ਗਗਨਦੀਪ ਸਿੰਘ ਇੱਕ ਫਾਇਰਮੈਨ ਵਜੋਂ ਕੱਚੇ ਮੁਲਾਜ਼ਮ ਤੌਰ ‘ਤੇ ਅਪਣੀ ਡਿਪਟੀ ਨਿਭਾਅ ਰਿਹਾ ਸੀ। ਜਿਥੇ ਅਚਾਨਕ ਤੇਜ਼ ਹਵਾ ਨਾਲ ਅੱਗ ਦੇ ਭਾਂਬੜ ਅਸਮਾਨ ਨੂੰ ਛੂੰਹਣ ਲੱਗੇ ਅਤੇ ਚਾਰ ਚੁਫੇਰੇ ਧੂਆਂ ਰੋਲ ਹੋ ਗਿਆ। ਇਨੇ ਵਿੱਚ ਗਗਨਦੀਪ ਸਿੰਘ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਵੇਖਦੇ ਵੇਖਦੇ ਉਸਦਾ ਸਰੀਰ ਬੂਰੀ ਤਰ੍ਹਾਂ ਝੁਲਸਿਆ ਗਿਆ। ਬੇਸ਼ੱਕ ਉਸ ਸਾਥੀ ਡਰਾਈਵਰ ਨੇ ਗਗਨਦੀਪ ਸਿੰਘ ਦੇ ਕੱਪੜਿਆਂ ਨੂੰ ਪਾੜਕੇ ਸਰੀਰ ਤੋਂ ਵੱਖ ਕਰ ਦਿੱਤਾ ਸੀ। ਪਰ ਉਦੋਂ ਤੱਕ ਅੱਗ ਨੇ ਆਪਣਾ ਕਹਿਰ ਦਿਖਾ ਦਿੱਤਾ ਸੀ। ਕੁਝ ਹੀ ਸਮੇਂ ਵਿੱਚ ਪੀੜਤ ਨੌਜਵਾਨ ਨੂੰ ਮੋਗਾ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਜਿਥੇ ਡਾਕਟਰਾਂ ਵੱਲੋਂ ਗਗਨਦੀਪ ਸਿੰਘ ਨੂੰ ਲੁਧਿਆਣਾ ਡੀ ਐਮ ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਕਿਉਂਕਿ ਡਾਕਟਰੀ ਰਿਪੋਰਟ ਅਨੁਸਾਰ ਪੀੜਤ ਨੌਜਵਾਨ ਦਾ ਸ਼ਰੀਰ 65 ਫੀਸਦੀ ਤੋਂ ਵੱਧ ਸੜ ਚੁੱਕਾ ਹੈ । ਜਿਥੇ ਗਗਨਦੀਪ ਸਿੰਘ ਜੇਰੇ ਇਲਾਜ਼ ਹੈ ਅਤੇ ਗੰਭੀਰ ਹਲਾਤਾਂ ਵਿੱਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗਗਨਦੀਪ ਸਿੰਘ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਤਹਿਤ ਮੋਗਾ ਅੱਗ ਬੁਝਾਊ ਵਿਭਾਗ ਵਿੱਚ ਕੱਚੇ ਮੁਲਾਜ਼ਮ ਦੇ ਤੌਰ ‘ਤੇ ਨੌਕਰੀ ਕਰ ਰਿਹਾ ਸੀ। ਹੁਣ ਉਸ ਦੇ ਇਲਾਜ ਵਿੱਚ ਉਸ ਦੀ ਗਰੀਬੀ ਜਿਥੇ ਅੜਿੱਕਾ ਬਣ ਰਹੀ ਹੈ ਉਥੇ ਸਰਕਾਰੀ ਤੌਰ ‘ਤੇ ਵੀ ਗਗਨਦੀਪ ਸਿੰਘ ਦੇ ਪਰਿਵਾਰ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਮਿਲ ਰਹੀ। ਜਦੋਂ ਇਸ ਸਬੰਧੀ ਸਾਡੇ ਪੱਤਰਕਾਰ ਵੱਲੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਨ੍ਹਾਂ ਦੇ ਸਾਥੀ ਮੁਲਾਜ਼ਮ ਨੇ ਦੱਸਿਆ ਕਿ ਜਿਥੇ ਸਥਾਨਕ ਵਿਧਾਇਕ, ਕਾਰਪੋਰੇਸ਼ਨ ਅਤੇ ਅੱਗ ਬੁਝਾਊ ਵਿਭਾਗ ਦੇ ਸਾਥੀ ਮੁਲਾਜ਼ਮਾਂ ਵੱਲੋਂ ਉਸਦੇ ਇਲਾਜ਼ ਲਈ ਸਹਿਯੋਗ ਕੀਤਾ ਜਾ ਰਿਹਾ ਹੈ । ਉਥੇ ਪਰਿਵਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਅਤੇ ਦਾਨੀ ਸੱਜਣਾਂ ਨੂੰ ਗਗਨਦੀਪ ਸਿੰਘ ਦੇ ਇਲਾਜ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਨੂੰ ਅੱਗ ਲੱਗਣ ਵਰਗੀਆਂ ਭਿਆਨਕ ਘਟਨਾਵਾਂ ਤੋਂ ਬਚਾਉਣ ਵਾਲੇ ਨੌਜਵਾਨਾਂ ਨੂੰ ਬਣਾਉਣ ਜਾਂ ਗਗਨਦੀਪ ਸਿੰਘ ਵਰਗੇ ਨੌਜਵਾਨ ਦੇ ਇਲਾਜ ਲਈ ਸਰਕਾਰ ਦੀ ਕੀ ਭੂਮਿਕਾ ਹੋਵੇਗੀ।
PUNJAB




INDIA








WORLD










