ਪੰਥ ਅਤੇ ਪੰਜਾਬ ਵਾਸੀਆਂ ਤੋਂ ਮਿਲੇ ਸਮਰਥਨ ਨਾਲ ਸੁਨਹਿਰੀ ਇਤਿਹਾਸ ਲਿਖਣ ਵੱਲ ਹਰ ਰੋਜ ਕਦਮ ਵਧਾ ਰਹੀ ਹੈ ਭਰਤੀ ਕਮੇਟੀ
ਚੰਡੀਗੜ੍ਹ (ਪ.ਪ.) : ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਹੋਏ ਹੁਕਮਾਂ ਤੇ ਪਹਿਰਾ ਦੇਣ ਵਾਲੇ ਭਰਤੀ ਕਮੇਟੀ ਮੈਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਸਥਿਤ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਅਹਿਮ ਮੀਟਿੰਗ ਹੋਈ। ਸਭ ਤੋ ਪਹਿਲਾਂ ਮਰਹੂਮ ਲੀਡਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦੇ ਹੋਏ ਓਹਨਾ ਨਮਿਤ ਸ਼ੋਕ ਮਤਾ ਪਾਸ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਸਰਗਰਮ ਵਰਕਰ ਸਾਹਿਬਾਨ ਅਤੇ ਲੀਡਰ ਸਾਹਿਬਾਨ ਨੇ ਆਪਣੀ ਹਾਜ਼ਰੀ ਲਗਵਾਈ । ਭਰਤੀ ਕਮੇਟੀ ਮੈਬਰਾਂ ਨੇ ਸਮੀਖਿਆ ਮੀਟਿੰਗ ਵਿੱਚ ਇਕਜੁਟਤਾ ਨਾਲ ਭਰੋਸਾ ਅਤੇ ਵਿਸ਼ਵਾਸ ਦਿਖਾਉਂਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਾ ਮੁਤਾਬਿਕ 18 ਮਾਰਚ ਨੂੰ ਸ਼ੁਰੂ ਕੀਤੀ ਭਰਤੀ ਨੂੰ ਛੇ ਮਹੀਨੇ ਤੋਂ ਪਹਿਲਾਂ ਮੁਕੰਮਲ ਕਰਦੇ ਹੋਏ, ਹੁਕਮਨਾਮਾ ਸਾਹਿਬ ਦੀ ਭਾਵਨਾ ਅਨੁਸਾਰ ਡੇਲੀਗੇਟ ਦੀ ਚੋਣ ਕਰਕੇ ਪੰਜਾਬ ਪ੍ਰਸਤ ਅਤੇ ਪੰਥ ਪ੍ਰਵਾਣਿਤ ਲੀਡਰਸ਼ਿਪ ਜਰੂਰ ਮਿਲੇਗੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਪੰਥ ਅਤੇ ਪੰਜਾਬ ਤੋਂ ਮਿਲੇ ਵੱਡੇ ਸਹਿਯੋਗ ਸਦਕਾ ਭਰਤੀ ਕਮੇਟੀ ਸੁਨਹਿਰੀ ਇਤਿਹਾਸ ਲਿਖਣ ਵੱਲ ਹਰ ਰੋਜ ਆਪਣੇ ਕਦਮ ਵਧਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸ਼ਕਤੀ ਅਤੇ ਸਾਹਸ ਨੇ ਓਹਨਾਂ ਨੂੰ ਹਰ ਕਦਮ ਦਰ ਕਦਮ ਮਾਰਗ ਸੇਧ ਦਿੱਤੀ ਹੈ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਬੜੀ ਸਪੱਸ਼ਟਤਾ ਨਾਲ ਹਰ ਵਰਕਰ ਦੇ ਤੌਖਲੇ ਅਤੇ ਖਦਸ਼ੇ ਨੂੰ ਦੂਰ ਕਰਦਿਆਂ ਕਿਹਾ ਕਿ ਇਹ ਭਰਤੀ ਪੰਥ ਅਤੇ ਪੰਥ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਹੋ ਰਹੀ ਹੈ। ਸਰਦਾਰ ਇਯਾਲੀ ਨੇ ਇੱਕ ਵਾਰ ਫਿਰ ਸਪੱਸ਼ਟ ਕਰਦਿਆਂ ਸਰਗਰਮ ਵਰਕਰਾਂ ਅਤੇ ਆਗੂਆਂ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਦੋ ਦਸੰਬਰ ਨੂੰ ਹੋਏ ਹੁਕਮਾਂ ਤੇ ਇੰਨਬਿੰਨ ਪਹਿਰਾ ਦਿੰਦਿਆਂ ਪੰਥ ਪ੍ਰਵਾਨਤ ਲੀਡਰਸਿੱਪ ਦੇਵਾਗੇ। ਇਸ ਕਰਕੇ ਕਿਸੇ ਦਾ ਨਿੱਜੀ ਸਵਾਰਥ ਨਾ ਹੈ ਨਾ ਇਸ ਬਾਰੇ ਕਿਸੇ ਨੂੰ ਕੋਈ ਭਰਮ ਭੁਲੇਖਾ ਰਹਿਣਾ ਚਾਹੀਦਾ ਹੈਜੱਥੇਦਾਰ ਵਡਾਲਾ ਨੇ ਪੰਥ ਅਤੇ ਪੰਜਾਬ ਤੋਂ ਮਿਲੇ ਬੇਹਤਾਸ਼ਾ ਸਮਰਥਨ ਤੇ ਬੋਲਦਿਆਂ ਕਿਹਾ, ਸ਼ੁਰੂਆਤੀ ਦਿਨਾਂ ਵਿੱਚ ਵੱਡੇ ਸਿਆਸੀ ਹਮਲਿਆਂ ਦੇ ਬਾਵਜੂਦ ਕੌਮ ਨੇ ਆਪਣਾ ਫਰਜ ਸਮਝਦੇ ਹੋਏ, ਸਾਡੇ ਪੈਂਡੇ ਨੂੰ ਸੁਖਾਲਾ ਕੀਤਾ। ਇਹ ਪੈਂਡਾ ਹੁਣ ਆਪਣੀ ਉਸ ਮੰਜ਼ਿਲ ਦੇ ਨੇੜੇ ਹੈ ਜਿਸ ਨੇ ਪੰਜਾਬ ਪ੍ਰਸਤ ਅਤੇ ਪੰਥ ਹਿਤੈਸ਼ੀ ਲੀਡਰਸ਼ਿਪ ਨੂੰ ਜਨਮ ਦੇਣਾ ਹੈ।

ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਅੱਜ ਦੂਜੀਆਂ ਪਾਰਟੀਆਂ ਦੇ ਲੀਡਰ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਇਸ ਕਰਕੇ ਕਰਨ ਲਈ ਮਜਬੂਰ ਹੋਏ ਹਨ, ਕਿਉ ਕਿ ਓਹਨਾ ਨੂੰ ਆਸ ਨਜਰ ਆਉਣ ਲੱਗੀ ਹੈ ਕਿ ਜਿਹੜਾ ਰਸਤਾ ਸ੍ਰੀ ਅਕਾਲ ਤਖ਼ਤ ਨੇ ਦਿਖਾਇਆ ਹੈ ਓਹ ਨਿਸਚਿਤ ਤੌਰ ਤੇ ਪੰਜਾਬ ਦੇ ਭਲੇ ਵਾਲਾ ਹੈ। ਜੱਥੇਦਾਰ ਝੂੰਦਾਂ ਨੇ ਕਿਹਾ ਕਿ ਅੱਜ ਵੱਡੇ ਵੱਡੇ ਵਿਰੋਧੀ ਪਾਰਟੀਆਂ ਦੇ ਲੀਡਰ ਇਹ ਸਵੀਕਾਰ ਕਰ ਰਹੇ ਹਨ ਅਕਾਲੀ ਦਲ ਦੀ ਸ਼ਕਤੀ ਦਾ ਸ੍ਰੋਤ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਜੱਥੇਦਾਰ ਝੂੰਦਾਂ ਨੇ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਉਲਟ ਭਰਤੀ ਕਰਨ ਵਾਲੇ ਧੜੇ ਨੂੰ ਦੁਬਾਰਾ ਦੋ ਟੁੱਕ ਸਲਾਹ ਦਿੰਦੇ ਕਿਹਾ ਕਿ,ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋਏ ਲੋਕਾਂ ਨੂੰ ਕਦੇ ਢੋਈ ਨਹੀਂ ਮਿਲਦੀ। ਇਸ ਕਰਕੇ ਵਕਤ ਅਜਾਇਆ ਕਰਨ ਦੀ ਬਜਾਏ ਆਪਣੇ ਅਕੀਦੇ ਪ੍ਰਤੀ ਟਕਰਾਅ ਅਤੇ ਈਰਖਾ ਦੀ ਭਾਵਨਾ ਨੂੰ ਛੱਡ ਕੇ ਸਿੱਖੀ ਸਿਧਾਂਤਾ ਉਪਰ ਪਹਿਰਾ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਕੇ ( ਆਪਣੇ ਧੜੇ ਦੇ ਮੁਖੀ ਬਣਨ ) ਦੀ ਫਰਜ਼ੀ ਭਰਤੀ ਨੂੰ ਰੱਦ ਕਰਕੇ ਸ੍ਰੀ ਅਕਾਲ ਤਖ਼ਤ ਤੋ ਬਣੀ ਭਰਤੀ ਕਮੇਟੀ ਤੋ ਭਰਤੀ ਕਾਪੀ ਪ੍ਰਾਪਤ ਕਰਕੇ ਮੈਂਬਰ ਬਣੋ।ਇਸ ਸਮੀਖਿਆ ਮੀਟਿੰਗ ਵਿੱਚ ਆਪਣੇ ਸੁਝਾਅ ਨੂੰ ਪੇਸ਼ ਕਰਦੇ ਹੋਏ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਡੇਲੀਗੇਟ ਚੋਣ ਲਈ ਭਰਤੀ ਕਮੇਟੀ ਨੂੰ ਹੁਕਮਨਾਮਾ ਸਾਹਿਬ ਵਿੱਚ ਹੋਏ ਹੁਕਮਾਂ ਨੂੰ ਦੁਹਰਾਉਂਦੀਆਂ ਕਿਹਾ ਕਿ, ਡੇਲੀਗੇਟ ਦੀ ਚੋਣ ਬਕਾਇਦਾ ਲੋਕਤੰਤਰਿਕ ਤਰੀਕੇ ਨਾਲ ਹੋਵੇ,ਇਸ ਲਈ ਜਿਲਾ , ਹਲਕਾ ਇਕਾਈ ਤੋਂ ਅਧਿਕਾਰ ਨਾ ਖੋਹੇ ਜਾਣ।
ਪੰਜਾਬ ਪੱਧਰੀ ਇਸ ਸਮੀਖਿਆ ਮੀਟਿੰਗ ਦਾ ਸਟੇਜ ਸੰਚਾਲਨ ਚਰਨਜੀਤ ਸਿੰਘ ਬਰਾੜ ਨੇ ਕੀਤਾ। ਇਸ ਸਮੇਂ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ,ਸਾਬਕਾ ਸਾਂਸਦ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸਿਵਾਲਿਕ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲ਼ਖ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਚੇਅਰਮੈਨ ਐੱਸਐਸ ਸੰਧੂ, ਅਮਰਜੀਤ ਸਿੰਘ ਲੰਡੇ, ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ , ਸਤਵਿੰਦਰ ਸਿੰਘ ਟੌਹੜਾ, ਬੀਬੀ ਪਰਮਜੀਤ ਕੌਰ ਲਾਡਰਾ, ਹਰਜੀਤ ਕੌਰ ਤਲਵੰਡੀ ਅਤੇ ਹੋਰ ਕਈ ਮੈਬਰ ਆਦਿ ਵੱਡੀ ਗਿੱਣਤੀ ਵਿੱਚ ਵਰਕਰ ਹਾਜ਼ਰ ਸਨ।